ਸ੍ਰੀ ਅਨੰਦਪੁਰ ਸਾਹਿਬ, 2 ਜੁਲਾਈ (ਕਰਨੈਲ ਸਿੰਘ)-ਭਾਵੇਂ ਕਿ ਸੂਬਾ ਸਰਕਾਰ ਵਲੋਂ ਪੰਜਾਬ ਦੇ ਇਤਿਹਾਸਕ ਤੇ ਪੁਰਾਤਨ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ, ਸਾਬੋ ਕੀ ਤਲਵੰਡੀ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਬਦੀ ਸਮਾਗਮਾਂ ਮੌਕੇ ‘ਪਵਿੱਤਰ ਸ਼ਹਿਰ’ ਐਲਾਨ ਦਿੱਤਾ ਸੀ, ਪਰ ਸਰਕਾਰ ਆਪਣ ਉਕਤ ਆਦੇਸ਼ਾਂ ਨੂੰ ਅਮਲੀ ਰੂਪ ਦੇਣ ਅਤੇ ਲਾਗੂ ਕਰਵਾਉਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸਰਕਾਰ ਦੀ ਲਾਪ੍ਰਵਾਹੀ ਤੇ ਅਫ਼ਸਰਸ਼ਾਹੀ ਦੀ ਕਥਿਤ ਮਿਲੀ ਭੁਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਅਤੇ ਬੱਸ ਅੱਡੇ ਨਾਲ ਨਾਲ ਲੱਗੀ ਰੇਲਵੇ ਲਾਇਨ ਦੇ ਪਾਰ ਪ੍ਰਵਾਸੀਆਂ ਦੀਆਂ ਸਥਿਤ ਝੁੱਗੀਆਂ ’ਚ ਪਿਛਲੇ ਲੰਮੇ ਸਮੇਂ ਤੋਂ ਨਜਾਇਜ ਸਰਾਬ ਅਤੇ ਹੋਰ ਮਾਰੂ ਨਸ਼ੀਲੇ ਪਦਾਰਥਾਂ ਦਾ ਨਜਾਇਜ ਕਾਰੋਬਾਰ ਧੜੱਲੇ ਨਾਲ ਚੱਲਦਾ ਆ ਰਿਹਾ ਹੈ । ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਆਬਕਾਰੀ ਵਿਭਾਗ ਲਗਾਤਾਰ ਅਣਦੇਖੀ ਸ਼ਹਿਰ ਵਾਸੀਆਂ ਦੇ ਰੋਸ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵਿਕ ਰਹੇ ਨਸ਼ੀਲੇ ਪਦਾਰਥਾਂ ਦਾ ਮਾਮਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਤੇ ਹੋਰ ਪ੍ਰਬੰਧਕ ਪ੍ਰਸ਼ਾਸਨ ਦੇ ਧਿਆਨ ’ਚ ਵਾਰ ਵਾਰ ਲਿਆਂਉਦੇ ਰਹੇ ਹਨ, ਪਰ ਸਿਆਸੀ ਸਰਪ੍ਰਸ਼ਤੀ ਅਤੇ ਪ੍ਰਸ਼ਾਸ਼ਨ ਦੀ ਕਥਿਤ ਮਿਲੀ ਭੁਗਤ ਨਸ਼ੀਲੇ ਪਦਾਰਥਾਂ ਦਾ ਇਹ ਨਾਜਾਇਜ ਕਾਰੋਬਾਰ ਲਗਾਤਾਰ ਵੱਧਦਾ ਫੁੱਲਦਾ ਜਾ ਰਿਹਾ ਹੈ। ਭਾਵੇਂ ਕਿ ਕੁਝ ਸਮਾਂ ਪਹਿਲਾ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਪ੍ਰਵਾਸੀਆਂ ਦੀਆਂ ਝੁੰਗੀਆਂ ਨੂੰ ਹਟਾ ਦਿੱਤਾ ਗਿਆ ਸੀ ਪਰ ਕੁੱਝ ਕੁ ਸਮੇਂ ਬਾਅਦ ਇਹ ਪ੍ਰਵਾਸੀ ਕਿਸ ਦੀ ਸਹਿ ’ਤੇ ਮੁੜ ਅਬਾਦ ਹੋਏ ਅਤੇ ਨਸ਼ੀਲੇ ਪਦਾਰਥ ਵੇਚ ਰਹੇ ਹਨ। ਇਹ ਸ਼ਹਿਰ ਵਾਸੀਆਂ ਦੀ ਸਮਝ ਤੋਂ ਬਾਹਰ ਬਣਦਾ ਜਾ ਰਿਹਾ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਇਹ ਵੀ ਹੈ ਕਿ ਘਟੀਆਂ ਸ਼ਰਾਬ ਪੀ ਕੇ ਇੱਥੋਂ ਦੇ ਰਸਤਿਆਂ ’ਚ ਡਿੱਗਣ ਵਾਲੇ ਸ਼ਰਾਬੀਆਂ ਦੀਆਂ ਜੇਬਾਂ ਵਿਚੋਂ ਮੋਬਾਇਲ ਅਤੇ ਪੈਸੇ ਚੋਰੀ ਹੋਣ ਦੀਆਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਜਾਇਜ਼ ਤੌਰ ’ਤੇ ਬਣੀਆਂ ਝੁੱਗੀਆਂ ਨੂੰ ਇੱਥੋਂ ਹਟਾਇਆ ਜਾਵੇ ਅਤੇ ਨਸ਼ਿਆਂ ਦਾ ਕਾਰੋਬਾਰ ’ਚ ਲਿਪਤ ਲੋਕਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਚੌਂਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਤੁਰੰਤ ਕਾਰਵਾਈ ਕਰਕੇ ਇੱਥੇ ਵਿਕਦੀ ਨਾਜਾਇਜ਼ ਸ਼ਰਾਬ ਨੂੰ ਬੰਦ ਕਰਵਾਉਣਗੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ।