ਰੂਪਨਗਰ, 4 ਜੁਲਾਈ (ਸਤਨਾਮ ਸਿੰਘ ਸੱਤੀ)-ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਸੈਣੀ ਭਵਨ ਵਿਖੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪਲੇਠਾ ਪੰਜਾਬੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਬੁਲਾਰਿਆਂ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿਵਾਉਣ, ਸਰਕਾਰੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਆਉਣ ਵਾਲੀ ਜਨਗਣਨਾ ਵਿਚ ਹਰ ਪੰਜਾਬੀ ਵਲੋਂ ਆਪਣੀ ਮਾਤ ਭਾਸ਼ਾ ਪੰਜਾਬੀ ਹੀ ਦਰਜ ਕਰਵਾਉਣ ਦਾ ਸੱਦਾ ਦਿੱਤਾ। ਸਮਾਗਮ ਦੀ ਸ਼ੁਰੂਆਤ ਸੈਣੀ ਭਵਨ ਦੇ ਸਕੱਤਰ ਬਲਬੀਰ ਸਿੰਘ ਸੈਣੀ ਨੇ ਸਵਾਗਤ ਕਰਕੇ ਕੀਤੀ, ਉਪਰੰਤ ਡਾ. ਅਜਮੇਰ ਸਿੰਘ ਤੰਬੜ ਨੇ ਪੰਜਾਬੀ ਸੈਮੀਨਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਜਨਗਣਨਾ ਵਿਚ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਦੀ ਅਪੀਲ ਕੀਤੀ। ਸੈਣੀ ਭਵਨ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ, ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਨੇ ਆਪਣੇ ਸੰਬੋਧਨ ਦੌਰਾਨ ਇਤਿਹਾਸਕ ਤੱਥਾਂ ਦੇ ਆਧਾਰ ’ਤੇ ਪੰਜਾਬੀ ਭਾਸ਼ਾ ਦੇ ਸੰਘਰਸ਼ ਅਤੇ ਮਹੱਤਵ ਨੂੰ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਇੱਕ ਸੰਪੂਰਨ ਅਤੇ ਅਮੀਰ ਭਾਸ਼ਾ ਹੈ, ਜੋ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਪੰਜਾਬ ਦੇ ਸਭਿਆਚਾਰ ਅਤੇ ਵਿਰਸੇ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਦੀ ਹੋਂਦ ਬਰਕਰਾਰ ਰੱਖਣ ਲਈ ਹਰ ਪੰਜਾਬੀ ਨੂੰ ਜਾਗਰੂਕ ਹੋ ਕੇ ਆਪਣੀ ਮਾਤ ਭਾਸ਼ਾ ਨੂੰ ਰੋਜ਼ਾਨਾ ਜੀਵਨ ਵਿਚ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ। ਸੈਮੀਨਾਰ ਵਿਚ ਪੁਆਧ ਖੇਤਰ ਦੇ ਪ੍ਰਸਿੱਧ ਲੇਖਕ ਅਤੇ ਕਵੀ ਸ਼ਮਿੰਦਰ ਸਿੰਘ ਭੱਕੂਮਾਜਰਾ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸੁਰੇਸ਼ ਭਿਉਰਾ ਐਡਵੋਕੇਟ, ਦਵਿੰਦਰ ਜਟਾਣਾ, ਉੱਘੀ ਲੇਖਿਕਾ ਯਤਿੰਦਰ ਮਾਹਲ, ਗੁਰਮੁੱਖ ਸਿੰਘ ਸੈਣੀ (ਸਾਬਕਾ ਐਮ.ਸੀ.) ਸਮੇਤ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤਜਿੰਦਰ ਚੋਪੜਾ ਨੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਜੋਸ਼ੀਲੀ ਕਵਿਤਾ ਪੇਸ਼ ਕੀਤੀ, ਜਿਸ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ। ਕਵੀ ਜਗਤਾਰ ਜੋਗ ਅਤੇ ਮਨਜੀਤ ਬਰਨਾਲਵੀ ਨੇ ਵੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਰਾਮ ਕੁਮਾਰ ਮੁਕਾਰੀ, ਚੇਅਰਮੈਨ, ਪੰਜਾਬ ਰਾਜ ਸੈਣੀ ਭਲਾਈ ਬੋਰਡ ਨੇ ਸੈਣੀ ਭਵਨ ਵਲੋਂ ਪੰਜਾਬੀ ਭਾਸ਼ਾ ਸੈਮੀਨਾਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਆਪਣੇ ਸਮਾਪਤੀ ਭਾਸ਼ਣ ਵਿਚ ਰਾਜਿੰਦਰ ਸਿੰਘ ਨੰਨੂਆਂ ਨੇ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਬਣਾਉਣਾ ਹੈ ਤਾਂ ਕੰਪਿਊਟਰ ’ਤੇ ਪੰਜਾਬੀ ਲਈ ਅੰਗਰੇਜ਼ੀ ਦੀ ਤਰ੍ਹਾਂ ਇੱਕੋ ਮਿਆਰੀ ਕੀ-ਬੋਰਡ ਅਤੇ ਇਕਸਾਰ ਫੌਂਟ ਪ੍ਰਣਾਲੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ। ਸੈਮੀਨਾਰ ਵਿਚ ਰਾਮ ਕੁਮਾਰ ਮੁਕਾਰੀ (ਚੇਅਰਮੈਨ, ਪੰਜਾਬ ਰਾਜ ਸੈਣੀ ਭਲਾਈ ਬੋਰਡ), ਬਨਵਾਰੀ ਲਾਲ (ਆਮ ਆਦਮੀ ਪਾਰਟੀ ਆਗੂ), ਸੁਰਜੀਤ ਕੌਰ ਸੈਣੀ (ਮੀਤ ਪ੍ਰਧਾਨ, ਨਗਰ ਕੌਂਸਲ ਰੂਪਨਗਰ), ਸੁਖਵਿੰਦਰ ਸਿੰਘ ਪਟਵਾਰੀ (ਐਮ.ਸੀ.), ਅਵਤਾਰ ਸਿੰਘ (ਐਮ.ਸੀ.), ਅੰਮ੍ਰਿਤਪਾਲ ਸਿੰਘ (ਐਮ.ਸੀ.), ਰਿਤੂ ਬਡਵਾਲ (ਐਮ.ਸੀ., ਨਵਾਂ ਸ਼ਹਿਰ), ਹਰਜੀਤ ਸਿੰਘ ਲੌਂਗੀਆ (ਪ੍ਰਧਾਨ, ਸੈਣੀ ਮਹਾਂ ਸਭਾ), ਮੋਹਨ ਸਿੰਘ ਮੁਹੰਮਦੀਪੁਰ, ਸੁਰਿੰਦਰ ਸਿੰਘ ਤੋਗੜ (ਪ੍ਰਧਾਨ, ਸੀਨੀਅਰ ਸਿਟੀਜ਼ਨ ਕੌਂਸਲ), ਇੰਜੀ. ਦੀਦਾਰ ਸਿੰਘ, ਅਵਤਾਰ ਸਿੰਘ ਲੋਂਗੀਆ, ਹਰਸਿਮਰ ਸਿੰਘ ਸਿੱਟਾ (ਐਡਵੋਕੇਟ), ਜੋਗਿੰਦਰ ਸਿੰਘ (ਚੇਅਰਮੈਨ, ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ), ਕੇ.ਐਲ. ਚੋਪੜਾ (ਸਕੱਤਰ, ਰਣਜੀਤ ਐਵੀਨਿਊ ਵੈਲਫੇਅਰ ਐਸੋਸੀਏਸ਼ਨ), ਧਰਮਵੀਰ ਸ਼ਰਮਾ, ਮਾਸਟਰ ਕਰਨੈਲ ਸਿੰਘ, ਪਰਮਜੀਤ ਸਿੰਘ, ਧਰਮਿੰਦਰ ਨਿਝਾਵਨ, ਜ਼ਿਲ੍ਹਾ ਲਿਖਾਰੀ ਸਭਾ ਤੋਂ ਸਿਵ ਕੁਮਾਰ ਸਰਜੀਵਨ, ਛਿੱਬਰ ਸਹੇੜੀ, ਮਨਜੀਤ ਬਰਨਾਲਵੀ, ਯਤਿੰਦਰ ਮਾਹਲ, ਹਰਜੀਤ ਕੌਰ, ਅਵਤਾਰ ਸਿੰਘ ਪਠਲਾਵਾ, ਸੰਤੋਖ ਸਿੰਘ (ਜ਼ਿਲ੍ਹਾ ਚੇਅਰਮੈਨ, ਸੈਣੀ ਭਲਾਈ ਬੋਰਡ, ਨਵਾਂ ਸ਼ਹਿਰ), ਹਰਦੀਪ ਸਿੰਘ ਗਿੱਲ, ਬਲਬੀਰ ਸਿੰਘ ਸੈਣੀ ਨੰਗਲ, ਬਹਾਦਰਜੀਤ ਸਿੰਘ (ਸਾਬਕਾ ਪ੍ਰਧਾਨ, ਪ੍ਰੈਸ ਕਲੱਬ), ਜੋਗਿੰਦਰ ਸਿੰਘ (ਸਰਪੰਚ, ਮਹਿਤਪੁਰ), ਗੁਰਜਨ ਦੀਪ ਸਿੰਘ, ਜਤਿੰਦਰ ਸਿੰਘ (ਸਰਪੰਚ, ਫਿਰੋਜ਼ਪੁਰ), ਲਖਵਿੰਦਰ ਸਿੰਘ ਭੂਰਾ (ਸਾਬਕਾ ਸਰਪੰਚ, ਬੇਲਾ) ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ, ਸਮਾਜ ਸੇਵੀ, ਬੁੱਧੀਜੀਵੀ ਅਤੇ ਪਤਵੰਤੇ ਹਾਜ਼ਰ ਸਨ । ਅੰਤ ਵਿਚ ਸੈਣੀ ਭਵਨ ਦੀ ਮੈਨੇਜਿੰਗ ਕਮੇਟੀ ਦੇ ਸਮੂਹ ਮੈਂਬਰਾਂ ਦਾ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।