ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (ਜੇ ਐਸ ਨਿੱਕੂਵਾਲ)-ਨਜ਼ਦੀਕੀ ਪਿੰਡ ਥੱਪਲ (ਮਟੌਰ) ਵਿਚ ਵਾਪਰੀ ਇੱਕ ਬੇਹੱਦ ਦੁਖਦਾਈ ਘਟਨਾ ਨੇ ਪੂਰੇ ਇਲਾਕੇ ਨੂੰ ਗ਼ਮਗੀਨ ਕਰ ਦਿੱਤਾ ਹੈ। ਤਿੰਨ ਦਿਨਾਂ ਦੇ ਅੰਦਰ ਇੱਕੋ ਪਰਿਵਾਰ ਵਿਚ ਪਿਤਾ ਅਤੇ ਪੁੱਤਰ ਦੀ ਮੌਤ ਹੋ ਜਾਣ ਕਾਰਨ ਪਿੰਡ ਸਮੇਤ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ।ਜਾਣਕਾਰੀ ਅਨੁਸਾਰ ਪਿੰਡ ਥੱਪਲ ਦੇ ਵਸਨੀਕ ਬਾਬਾ ਹਰੀ ਸਿੰਘ, ਜੋ ਬਿਜਲੀ ਵਿਭਾਗ ਤੋਂ ਸੇਵਾਮੁਕਤ ਸਨ, ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਦੇਹਾਂਤ ਹੋਣ ਉਪਰੰਤ ਉਨ੍ਹਾਂ ਦਾ ਪੁੱਤਰ ਅਜੀਤ ਸਿੰਘ ਪੰਮੀ, ਜੋ ਦੁਬਈ ਵਿਚ ਟਰਾਲਾ ਚਲਾਉਂਦਾ ਸੀ, ਆਪਣੇ ਪਿਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਆਇਆ ਹੋਇਆ ਸੀ। ਪਰਿਵਾਰਿਕ ਮੈਂਬਰਾਂ ਮੁਤਾਬਿਕ ਪੰਮੀ ਰਾਤ ਸਮੇਂ ਘਰ ਵਿਚ ਰਵਾਇਤੀ ਤਰੀਕੇ ਨਾਲ ਜ਼ਮੀਨ ‘ਤੇ ਸੁੱਤਾ ਹੋਇਆ ਸੀ। ਤੜਕਸਾਰ ਉਸ ਨੇ ਅਚਾਨਕ ਸਰੀਰ ਵਿਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ‘ਤੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਗਏ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਭੇਜ ਦਿੱਤਾ।ਪਰੰਤੂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਵਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਗਈ ਤਾਂ ਦੱਸਿਆ ਗਿਆ ਕਿ ਉਸੇ ਰਾਤ ਤੋਂ ਅਗਲੀ ਰਾਤ ਉਨ੍ਹਾਂ ਦੇ ਘਰ ਵਿਚ ਇੱਕ ਸੱਪ ਵੀ ਨਿਕਲਿਆ।ਜੋ ਕਿ ਕੌਮਨ ਕਰੇਤ ਨਸਲ ਦਾ ਦੱਸਿਆ ਜਾਂਦਾ ਹੈ ਜਿਸਨੂੰ ਪਰਿਵਾਰਿਕ ਮੈਂਬਰਾਂ ਵਲੋਂ ਸੱਪ ਦੇ ਡੰਗਣ ਕਾਰਨ ਹੋਈ ਮੌਤ ਦੀ ਪੁਸ਼ਟੀ ਹੋਈ ਹੈ।ਇਸ ਸੱਪ ਫੜਨ ਵਾਲੇ ਮਾਹਿਰ ਕਲਿੱਤਰਾਂ ਦੇ ਮੰਗਲ ਸੈਣੀ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਬਰਾਸਤ ਦੇ ਦਿਨਾਂ ਵਿਚ ਸੱਪ ਖੇਤਾਂ ਵਿਚੋਂ ਘਰਾਂ ਵਿਚ ਦਾਖਲ ਹੋ ਜਾਂਦੇ ਹਨ।ਇਸ ਲਈ ਲੋਕ ਬਰਾਸਤ ਦੇ ਦਿਨਾਂ ਵਿਚ ਆਪਣੇ ਆਲ਼ੇ ਦੁਆਲੇ ਦਾ ਖ਼ਾਸ ਧਿਆਨ ਰੱਖਣ। ਮ੍ਰਿਤਿਕ ਪੰਮੀ ਦਾ ਅੰਤਿਮ ਸਸਕਾਰ ਸਥਾਨਕ ਚਰਨ ਗੰਗਾ ਸ਼ਮਸ਼ਾਨ ਘਾਟ ਤੇ ਕਰ ਦਿੱਤਾ ਗਿਆ ਹੈ।ਜਿੱਥੇ ਉਸਨੂੰ ਉਸਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਵਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।