ਸ੍ਰੀ ਚਮਕੌਰ ਸਾਹਿਬ, 5 ਜੁਲਾਈ (ਜਗਮੋਹਣ ਸਿੰਘ ਨਾਰੰਗ)-ਅੱਜ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ। ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ 13 ਵਾਰਡ ਹਨ, ਜਿਨ੍ਹਾਂ ਵਿਚ 7 ਕੌਂਸਲਰ ਸ੍ਰੀਮਤੀ ਹਰਜੀਤ ਕੌਰ ਭੰਗੂ, ਸਤਵਿੰਦਰ ਕੌਰ, ਪਵਨ ਕੌਰ, ਕੁਲਵਿੰਦਰ ਕੌਰ, ਕ੍ਰਿਪਾਲ ਸਿੰਘ ਗਿੱਲ, ਵਰਿੰਦਰ ਕੁਮਾਰ ਵਿੱਕੀ, ਜਸਵਿੰਦਰ ਸਿੰਘ ਜੱਸਾ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ, ਜੱਦੋ ਕਿ 3 ਵਿਸ਼ਾਲ ਕਸੱਯਪ, ਰੀਟਾ ਕਸੱਯਪ, ਸੰਦੀਪ ਕੌਰ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰ ਹਨ ਅਤੇ 3 ਕੌਂਸਲਰ ਸ੍ਰੀਮਤੀ ਹਰਜਿੰਦਰ ਕੌਰ, ਚਾਹਲ ਸਿੰਘ ਭੰਗੂ ਅਤੇ ਪਰਮਿੰਦਰ ਕੌਰ ਆਜ਼ਾਦ ਤੌਰ ’ਤੇ ਜਿੱਤੇ ਹੋਏ ਹਨ। 13 ਮੈਂਬਰੀ ਇਸ ਸਦਨ ਵਿਚ 14ਵੀ ਵੋਟ ਹਲਕਾ ਵਿਧਾਇਕ ਦੀ ਹੋਵੇਗੀ। ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ। ਭਾਵੇਂ ਕਾਂਗਰਸ ਕੋਲ 7 ਕੌਂਸਲਰ ਹਨ ਤੇ ਉਨ੍ਹਾਂ ਨੂੰ ਆਪਣਾ ਪ੍ਰਧਾਨ ਬਣਾਉਣ ਲਈ ਸਿਰਫ਼ ਇੱਕ ਹੋਰ ਕੌਂਸਲਰ ਦੀ ਲੋੜ ਹੈ। ਆਮ ਆਦਮੀ ਪਾਰਟੀ ਕੋਲ 3 ਅਤੇ 3 ਹੀ ਆਜ਼ਾਦ ਕੌਂਸਲਰ ਹਨ। ਆਪਣਾ ਪ੍ਰਧਾਨ ਬਣਾਉਣ ਲਈ ਆਮ ਆਦਮੀ ਪਾਰਟੀ ਆਜ਼ਾਦ ਕੌਂਸਲਰਾਂ ਅਤੇ ਹਲਕਾ ਵਿਧਾਇਕ ਨਾਲ ਪਾਰੀ ਖੇਡ ਸਕਦੀ ਹੈ, ਪਰ ਉਸ ਨੂੰ ਇੱਕ ਕਾਂਗਰਸੀ ਕੌਂਸਲਰ ਨੂੰ ਪੱਟਣਾ ਹੋਵੇਗਾ ਜੋ ਆਸਾਨ ਨਹੀਂ ਹੈ ਅਤੇ ਇਹ ਵੀ ਚਰਚਾਵਾਂ ਹਨ ਕਿ ਆਜ਼ਾਦ ਉਮੀਦਵਾਰਾਂ ਵਿਚੋਂ ਇੱਕ ਜਾਂ ਦੋ ਕੌਂਸਲਰ ਕਾਂਗਰਸ ਨੂੰ ਸਮਰਥਨ ਕਰ ਸਕਦੇ ਹਨ, ਜਿਸ ਨਾਲ ਕਾਂਗਰਸੀ ਪੱਲੜਾ ਭਾਰੀ ਜਾਪ ਰਿਹਾ ਹੈ। ਬਾਕੀ ਸਾਰੀ ਰਾਤ ਬਾਕੀ ਹੈ ਪ੍ਰਧਾਨਗੀ ਲਈ ਕੀ ਜੋੜ ਤੋੜ ਹੁੰਦੀ ਹੈ ਇਹ 6 ਜੁਲਾਈ ਨੂੰ 11 ਵਜੇ ਤੋਂ ਬਾਅਦ ਹੀ ਪਤਾ ਚੱਲੇਗਾ।