ਨੰਗਲ, 5 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਦਾ ਆਯੋਜਨ ਇਤਿਹਾਸਿਕ ਗੁਰਦੁਆਰਾ ਸ੍ਰੀ ਘਾਟ ਸਾਹਿਬ ਵਿਖੇ ਸਿੱਖ ਨੌਜਵਾਨ ਸਭਾ ਨੰਗਲ ਵਲੋਂ ਕਰਵਾਇਆ ਗਿਆ। ਇਸ ਸਮਾਗਮ ਵਿਚ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ। ਦੱਸਣਯੋਗ ਹੈ ਕਿ ਉਕਤ ਸਮਾਗਮ ਸਬੰਧੀ 3 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦਾ ਅੱਜ ਸਵੇਰੇ ਭੋਗ ਪਾਉਣ ਉਪਰੰਤ ਇਹ ਗੁਰਮਤ ਸਮਾਗਮ ਆਰੰਭ ਹੋਇਆ, ਇਸ ਸਮਾਗਮ ਵਿਚ ਪੰਥਕ ਢਾਡੀ ਜਥਾ ਢਾਡੀ ਬਲਬੀਰ ਸਿੰਘ ਰਸੀਲਾ ਚਮਕੌਰ ਸਾਹਿਬ ਵਾਲੇ ਜਿੱਥੇ ਜੁਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਉਨਾਂ ਦੀ ਜੀਵਨ ਦੇ ਮਹਾਨ ਫ਼ਲਸਫ਼ੇ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਤ ਕੀਤਾ, ਉੱਥੇ ਹੀ ਗੁਰਬਾਣੀ ਦਾ ਮਨੋਹਰ ਕੀਰਤਨ ਕੀਰਤਨੀ ਜਥਾ ਭਾਈ ਪਰਮਜੀਤ ਸਿੰਘ ਜੀ ਨੰਗਲ ਡੈਮ, ਭਾਈ ਕਮਲਦੀਪ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਵਲੋਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਜੀ ਬ੍ਰਹਮਪੁਰ ਸਟੇਜ ਸਕੱਤਰ ਦੀ ਸੇਵਾ ਬਾਖ਼ੂਬੀ ਨਿਭਾਈ। ਸਮਾਗਮ ਦੀ ਸਮਾਪਤੀ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ ਅਤੇ ਪਹੁੰਚੀਆਂ ਸੰਗਤਾਂ ਨੂੰ ਮਿੱਸੇ ਪ੍ਰਸ਼ਾਦੇ ਅਤੇ ਲੱਸੀ ਦਾ ਅਤੁੱਟ ਲੰਗਰ ਵਰਤਾਇਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਬਾਵਾ, ਜਨਰਲ ਸਕੱਤਰ ਐਸਡੀਓ ਜਸਪਾਲ ਸਿੰਘ,ਵੀਰ ਇੰਦਰ ਸਿੰਘ ਸੂਰੀ, ਤਜਿੰਦਰ ਪਾਲ ਸਿੰਘ ਬੱਬੂ,ਅਮਰੀਕ ਸਿੰਘ,ਜਗਦੇਵ ਸਿੰਘ ਦਿਲਬਰ, ਤੇਜਾ ਸਿੰਘ ਨਿੱਕੂ ਨੰਗਲ, ਭਾਈ ਬਚਿੱਤਰ ਸਿੰਘ ਜੀ ਮੁੱਖ ਗ੍ਰੰਥੀ ਸਿੰਘ, ਭਾਈ ਬਿਕਰਮ ਸਿੰਘ, ਗੁਰਮੇਲ ਸਿੰਘ,ਗੁਰਚਰਨ ਸਿੰਘ,ਗੁਰਨਾਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।