ਨੂਰਪੁਰ ਬੇਦੀ, 6 (ਹਰਦੀਪ ਸਿੰਘ ਢੀਂਡਸਾ)-ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ’ਚ ਕਰੀਬ ਇਕ ਮਹੀਨੇ ਤੱਕ ਸ਼ਾਂਤ ਰਹੇ ਸੰਘਰਸ਼ ਨੇ ਐਤਵਾਰ ਨੂੰ ਨੂਰਪੁਰ ਬੇਦੀ ਤੋਂ ਇਕ ਵਾਰ ਫਿਰ ਨਵਾਂ ਰੁਖ ਅਖ਼ਤਿਆਰ ਕਰ ਲਿਆ। ਵੱਖ-ਵੱਖ ਕਿਸਾਨ, ਟੈਕਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਸਾਂਝੇ ਮੰਚ ਤੋਂ ਹਿਮਾਚਲ ਸਰਕਾਰ ਖ਼ਿਲਾਫ਼ ਵੱਡੇ ਪੱਧਰ ਦੇ ਸੰਘਰਸ਼ ਦਾ ਐਲਾਨ ਕਰਦਿਆਂ 26 ਜੁਲਾਈ ਤੋਂ ਘਨੌਲੀ–ਨਾਲਾਗੜ੍ਹ ਸਟੇਟ ਹਾਈਵੇ ਸਥਿਤ ਢੇਰੋਵਾਲ ਐਂਟਰੀ ਟੋਲ ਨਾਕੇ ’ਤੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਨੂਰਪੁਰ ਬੇਦੀ ਦੇ ਪੁਰਾਣੇ ਬੱਸ ਸਟੈਂਡ ਚੌਂਕ ਵਿਖੇ ਹੋਏ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ), ਆਜ਼ਾਦ ਟੈਕਸੀ ਯੂਨੀਅਨ, ਨੂਰਪੁਰ ਬੇਦੀ ਟੈਕਸੀ ਯੂਨੀਅਨ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਭਰਵੀਂ ਬਾਰਿਸ਼ ਦੇ ਬਾਵਜੂਦ ਸੰਘਰਸ਼ਕਾਰੀਆਂ ਦਾ ਜੋਸ਼ ਕਾਇਮ ਰਿਹਾ ਅਤੇ ਉਨ੍ਹਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਅੱਛਰ ਸਿੰਘ ਮਹਾਕਾਲ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ) ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ, ਅਵਤਾਰ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀ ਮਾਜਰਾ ਸੰਘਰਸ਼ੀ ਆਗੂ ਮਾਸਟਰ ਗੁਰਨੈਬ ਸਿੰਘ ਜੇਤੇਵਾਲ,ਹਰਪ੍ਰੀਤ ਸਿੰਘ ਭੱਟੋ, ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਬਾਬਾ ਕਮਲਜੀਤ ਸਿੰਘ ਜੱਸੀ ਨਲਹੋਟੀ ਅਤੇ ਨੂਰਪੁਰ ਬੇਦੀ ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਕਿਸੇ ਭਰਮ ਵਿਚ ਨਾ ਰਹੇ, ਜਦੋਂ ਤੱਕ ਰੂਪਨਗਰ, ਮੋਹਾਲੀ, ਪਠਾਨਕੋਟ ਤੇ ਹੁਸ਼ਿਆਰਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਨੂੰ ਹਿਮਾਚਲ ਐਂਟਰੀ ਟੈਕਸ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਕਿਸੇ ਵੀ ਕੀਮਤ ’ਤੇ ਠੰਢਾ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਸੂਬੇ ਜਾਂ ਲੋਕਾਂ ਦੇ ਖ਼ਿਲਾਫ਼ ਨਹੀਂ, ਸਗੋਂ ਹਿਮਾਚਲ ਸਰਕਾਰ ਦੀ ਉਸ ਗ਼ਲਤ ਨੀਤੀ ਦੇ ਵਿਰੁੱਧ ਹੈ, ਜਿਸ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ, ਟੈਕਸੀ ਚਾਲਕਾਂ, ਵਪਾਰੀਆਂ ਤੇ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਨੂੰ ਬੇਲੋੜਾ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਵਾਰ-ਵਾਰ ਮੰਗ ਉਠਾਉਣ ਦੇ ਬਾਵਜੂਦ ਹਿਮਾਚਲ ਸਰਕਾਰ ਸਰਹੱਦੀ ਇਲਾਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਡਿੱਠਾ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਐਂਟਰੀ ਟੈਕਸ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ ਅਤੇ ਹਿਮਾਚਲ ਦੇ ਉਦਯੋਗਿਕ ਖੇਤਰਾਂ ਤੱਕ ਇਸ ਦੀ ਗੂੰਜ ਸੁਣਾਈ ਦੇਵੇਗੀ। ਇਸ ਮੌਕੇ ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਅਮਰੀਕ ਸਿੰਘ ਜੱਸੀ, ਕਮਲਜੀਤ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ (ਪ੍ਰਧਾਨ, ਟੈਕਸੀ ਯੂਨੀਅਨ ਨੂਰਪੁਰ ਬੇਦੀ), ਕਸ਼ਮੀਰ ਸਿੰਘ ਨੰਗਲੀ, ਮਨੋਜ ਕੁਮਾਰ ਜੋਸ਼ੀ, ਵਰਿੰਦਰ ਸ਼ਰਮਾ, ਬਲਵੀਰ ਖਾਨ, ਹਰਪ੍ਰੀਤ ਸਿੰਘ ਕਾਲਾ, ਗੁਰਮੀਤ ਸਿੰਘ ਮੋਠਾਪੁਰ, ਬਿੰਦਰ ਸਿੰਘ ਭੱਗਲ, ਸਿੰਦਾ ਲਾਲਪੁਰ, ਮਹਿੰਦਰ ਪਾਲ, ਸ਼ਿਵ ਕੁਮਾਰ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਤੋਂ ਬਾਬਾ ਅੱਛਰ ਸਿੰਘ ਮਹਾਕਾਲ, ਬਾਬਾ ਰਵੀ ਸਿੰਘ ਭਰਤਗੜ੍ਹ, ਬਾਬਾ ਦੀਪਕ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਹਰਭਜਨ ਸਿੰਘ, ਬਾਬਾ ਤਾਰਾ ਸਿੰਘ, ਜਥੇਦਾਰ ਗੁਰਪ੍ਰੀਤ ਸਿੰਘ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਭਾਰੀ ਗਿਣਤੀ ਵਿਚ ਸੰਘਰਸ਼ਕਾਰੀ ਹਾਜ਼ਰ ਸਨ।