ਚੰਡੀਗੜ੍ਹ, 6 ਜੁਲਾਈ (ਕਪਿਲ ਵਧਵਾ)–ਸੈਕਟਰ-22/23 ਲਾਈਟ ਪੁਆਇੰਟ ਨੇੜੇ ਇਕ ਵਿਅਕਤੀ ਦਾ ਮੋਬਾਈਲ ਚੋਰੀ ਕਰਕੇ ਉਸ ਦੇ ਬੈਂਕ ਅਤੇ ਡਿਜ਼ੀਟਲ ਭੁਗਤਾਨ ਖਾਤੇ ਵਿਚੋਂ ਕੁੱਲ 90 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੇ ਪਿੰਡ ਕੋਹਰਾਪੁਰ ਵਾਸੀ ਦੀਪਕ ਕੁਮਾਰ ਨੇ ਦੱਸਿਆ ਕਿ 17 ਜੂਨ 2026 ਨੂੰ ਉਹ ਸੈਕਟਰ-22/23 ਲਾਈਟ ਪੁਆਇੰਟ ਨੇੜੇ ਮੌਜੂਦ ਸੀ, ਜਿੱਥੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਮੋਬਾਈਲ ਫੋਨ ਚੋਰੀ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਮੋਬਾਈਲ ਦੀ ਦੁਰਵਰਤੋਂ ਕਰਦਿਆਂ ਉਸ ਦੇ ਖਾਤੇ ਵਿਚੋਂ ਧੋਖਾਧੜੀ ਨਾਲ 80 ਹਜ਼ਾਰ ਰੁਪਏ ਟਰਾਂਸਫਰ ਕਰ ਲਏ ਅਤੇ ਉਸ ਦੇ ਫੋਨਪੇ ਖਾਤੇ ਵਿਚੋਂ 10 ਹਜ਼ਾਰ ਰੁਪਏ ਹੋਰ ਕੱਢ ਲਏ। ਥਾਣਾ ਸੈਕਟਰ-17 ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316(2), 318(4) ਅਤੇ 61(2) ਤਹਿਤ ਤਿੰਨ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਤੇ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।