ਸੰਤੋਖਗੜ੍ਹ, 7 ਜੁਲਾਈ (ਧਰਮ ਪਾਲ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਊਨਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜਾਂ ਦੁਆਰਾ ਵਸਾਇਆ ਜਾਵੇਗਾ, ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਗੁਰਮਤਿ ਸਮਾਗਮ ਊਨਾ ਦੇ ਇਤਿਹਾਸਕ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਪ੍ਰਬੰਧ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਥਾਨਕ ਸਾਧ ਸੰਗਤ ਦੁਆਰਾ ਕੀਤਾ ਗਿਆ ਸੀ। ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸਮਾਗਮ ਤੋਂ ਬਾਅਦ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਕੀਰਤਨ ਦਰਬਾਰ ਦੌਰਾਨ ਸੰਤ ਅਮਨਦੀਪ ਸਿੰਘ, ਭਾਈ ਹਰਦੀਪ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਗੋਪਾਲ ਸਿੰਘ ਬਾਲੀਵਾਲ, ਭਾਈ ਇਕਬਾਲ ਸਿੰਘ ਅਤੇ ਭਾਈ ਅਨਿਲ ਸਿੰਘ ਦੀ ਅਗਵਾਈ ਵਾਲੇ ਦੇ ਜਥਿਆਂ ਨੇ ਕਥਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਜੀ ਬੇਦੀ ਨੇ ਕਿਹਾ ਕਿ ਊਨਾ ਸ਼ਹਿਰ ਦੀ ਹੋਂਦ ਗੁਰੂ ਹਰਗੋਬਿੰਦ ਸਾਹਿਬ ਜੀ ਕਾਰਨ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਦੀ ਯਾਤਰਾ ਦੌਰਾਨ, ਗੁਰੂ ਜੀ ਨੇ ਪਹਾੜੀ ਦੇ ਉੱਪਰ ਬੋਹੜ ਦੇ ਦਰਖਤਾਂ ਵੱਲ ਸ਼ਰਧਾ ਦੇ ਇਸ਼ਾਰੇ ਵਜੋਂ ਤੀਰ ਚਲਾ ਕੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜਾਂ ਦੇ ਵਸੇਬੇ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗੁਰੂ ਦੀ ਕਿਰਪਾ ਨਾਲ ਊਨਾ ਸ਼ਹਿਰ ਅੱਜ ਵਧ-ਫੁੱਲ ਰਿਹਾ ਹੈ ਅਤੇ ਲਗਾਤਾਰ ਤਰੱਕੀ ਕਰ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਮਰਜੋਤ ਸਿੰਘ ਜੀ ਬੇਦੀ, ਬਾਬਾ ਜੀਤ ਸਿੰਘ, ਬਾਬਾ ਅਮਨਦੀਪ ਸਿੰਘ, ਬਾਬਾ ਸੁਰਿੰਦਰ ਸਿੰਘ, ਠੇਕੇਦਾਰ ਸੁਰਜੀਤ ਸਿੰਘ, ਹਰਪਾਲ ਸਿੰਘ ਕੋਟਲਾ, ਜੋਗਮਨ ਸਿੰਘ, ਭੁਪਿੰਦਰ ਸਿੰਘ ਬੀਣੇਵਾਲ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਸੁਖਵੰਤ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਤ੍ਰਿਲੋਕ ਸਿੰਘ, ਜੀਤ ਸਿੰਘ, ਅਮਰਜੀਤ ਸਿੰਘ, ਓਮ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।