ਰੂਪਨਗਰ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਦੋ ਦਿਨਾ ਕਲਮ ਛੋੜ ਹੜਤਾਲ ਸ਼ੁਰੂ
ਰੂਪਨਗਰ, 17 ਅਗਸਤ (ਸਤਨਾਮ ਸਿੰਘ ਸੱਤੀ)- ਪੀ. ਐਸ.
ਰੂਪਨਗਰ, 17 ਅਗਸਤ (ਸਤਨਾਮ ਸਿੰਘ ਸੱਤੀ)- ਪੀ. ਐਸ. ਐਮ. ਐਸ. ਯੂ., ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਤੇ ਮੁਲਾਜ਼ਮ ਸਾਂਝਾ ਫਰੰਟ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸ਼ੁਰੂ ਕੀਤੀ ਦੋ ਦਿਨਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦੇ ਪਹਿਲੇ ਦਿਨ ਅੱਜ ਮਹਾਰਾਜਾ ਰਣਜੀਤ ਸਿੰਘ ਬਾਗ, ਰੂਪਨਗਰ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਪਰਖਕਾਲ ਦੌਰਾਨ ਪੂਰੀ ਤਨਖ਼ਾਹ ਦੇਣ, 15 ਜਨਵਰੀ 2015 ਅਤੇ 17 ਜੁਲਾਈ 2020 ਦੇ ਪੱਤਰ ਰੱਦ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਹੜਤਾਲ ਨੂੰ ਭਰਵਾਂ ਹੁੰਗਾਰਾ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਦੋ ਦਿਨਾ ਹੜਤਾਲ 18 ਅਗਸਤ ਨੂੰ ਵੀ ਜਾਰੀ ਰਹੇਗੀ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੇ ਕਥਿਤ ‘ਐਂਟੀ-ਸਟੇਟ’ ਬਿਆਨ ਨੂੰ ਵਾਪਸ ਲਵੇ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਲੋੜੀਂਦੀ ਕਾਰਵਾਈ ਕਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਵਿਰੁੱਧ ਹੋਰ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਅਮਰਜੀਤ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ. ਰੂਪਨਗਰ, ਜਸਵਿੰਦਰ ਕੌਰ ਵਾਈਸ ਚੇਅਰਮੈਨ, ਅਮਨਦੀਪ ਸਿੰਘ ਜਨਰਲ ਸਕੱਤਰ, ਰਾਧੇ ਸ਼ਾਮ ਪਾਵਰਕਾਮ, ਦਵਿੰਦਰ ਸਿੰਘ ਚਨੌਲੀ ਪ੍ਰਧਾਨ, ਗਿਆਨ ਸਿੰਘ ਘਨੌਲੀ ਜਨਰਲ ਸਕੱਤਰ ਪੰਜਾਬ, ਪਰਮਿੰਦਰ ਭਾਰਤੀ ਕਰਮਚਾਰੀ ਦਲ ਯੂਨੀਅਨ, ਸੁਖਦੇਵ ਸਿੰਘ ਸੁਰਤਾਪੁਰੀ, ਮਦਨ ਗੋਪਾਲ ਪਾਵਰ ਕਾਰਪੋਰੇਸ਼ਨ, ਗੁਰਵਿੰਦਰ ਸਸਕੌਰ ਅਧਿਆਪਕ ਯੂਨੀਅਨ, ਜਸਵਿੰਦਰ ਸਿੰਘ ਪੀ.ਐਸ.ਐਸ.ਐਫ., ਮਨੋਜ ਕੁਮਾਰ ਪ੍ਰਧਾਨ ਡੀ.ਸੀ. ਦਫ਼ਤਰ, ਪ੍ਰਭਜੋਤ ਸਿੰਘ, ਕਰਮਵੀਰ ਸਿੰਘ, ਰਮਾਂ ਕਾਂਤ ਸੁਪਰਡੈਂਟ, ਪਰਮਿੰਦਰ ਸਿੰਘ, ਜਸਵਿੰਦਰ ਕੌਰ, ਰਾਮ ਦਾਸ ਸਸਕੌਰ, ਸੰਦੀਪ ਭੱਟ ਅਤੇ ਸੰਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਮੁਲਾਜ਼ਮ ਤੇ ਪੈਨਸ਼ਨਰ ਹਾਜ਼ਰ ਸਨ।