ਮਜ਼ਦੂਰਾਂ ਵਲੋਂ ਪਿੰਡ ਜੌਹਲ 'ਚ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ
ਅਜੀਤ ਡੈਸਕ
03-01-2026
ਮਜੀਠਾ, 2 ਜਨਵਰੀ (ਜਗਤਾਰ ਸਿੰਘ ਸਹਿਮੀ)-ਪੇਂਡੂ ਮਜ਼ਦੂਰ ਯੂਨੀਅਨ ਇਕਾਈ ਬਲਾਕ ਮਜੀਠਾ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਮਜ਼ਦੂਰ ਆਗੂ ਮੁਕੇਸ਼ ਮਾਲੌਦ ਨੂੰ ਪੰਜਾਬ ਪੁਲਿਸ ਵਲੋਂ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਗਿ੍ਫ਼ਤਾਰ ਕਰਨ ਦੇ ਵਿਰੋਧ 'ਚ ਪਿੰਡ ਜੋਹਲ ਵਿਚ ਜ਼ਿਲ੍ਹਾ ਜਿਲ੍ਹਾ ਸਕੱਤਰ ਵਿੱਕੀ ਜੌਹਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਜ਼ਿਲ੍ਹਾ ਕਨਵੀਨਰ ਸੈਮੂਅਲ ਹੰਸ ਤੇ ਜ਼ਿਲ੍ਹਾ ਸਕੱਤਰ ਵਿੱਕੀ ਜੌਹਲ ਨੇ ਆਖਿਆ ਕਿ ਮੁਕੇਸ਼ ਮਾਲੌਦ ਨੂੰ ਗਿ੍ਫ਼ਤਾਰ ਕਰਨ ਨਾਲ ਭਗਵੰਤ ਮਾਨ ਸਰਕਾਰ ਦਾ ਦੋਗਲਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ | ਇੱਕ ਪਾਸੇ ਸਰਕਾਰ ਮਨਰੇਗਾ ਮਸਲੇ ਤੇ ਵਿਸ਼ੇਸ਼ ਇਜਲਾਸ ਬੁਲਾ ਕੇ ਮਜ਼ਦੂਰ ਪੱਖੀ ਹੋਣ ਦਾ ਡਰਾਮਾ ਕਰਕੇ ਮਗਰਮੱਛੀ ਅੱਥਰੂ ਵਹਾ ਰਹੀ ਹੈ, ਦੂਜੇ ਪਾਸੇ ਮਜ਼ਦੂਰ ਆਗੂਆਂ ਨੂੰ ਗਿ੍ਫ਼ਤਾਰ ਕਰਵਾ ਕੇ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਗਿ੍ਫ਼ਤਾਰੀ ਸੰਗਰੂਰ ਜ਼ਿਲ੍ਹੇ ਵਿਚ ਬੇਜ਼ਮੀਨੇ ਲੋਕਾਂ ਲਈ ਬੇਗਮਪੁਰਾ ਵਸਾਉਣ ਅਤੇ ਉਨ੍ਹਾਂ ਦੇ ਮਾਣ-ਸਨਮਾਨ ਲਈ ਚੱਲ ਰਹੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਬੁਖਲਾਹਟ ਵਿਚ ਕੀਤੀ ਗਈ ਹੈ | ਸਰਕਾਰ ਬੇਜ਼ਮੀਨੇ ਮਜ਼ਦੂਰਾਂ ਨੂੰ ਆਗੂ ਰਹਿਤ ਕਰਕੇ ਸੰਘਰਸ਼ਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ | ਮਜਦੂਰ ਆਗੂ ਦੀ ਗਿ੍ਫ਼ਤਾਰੀ ਨਾਲ ਪੰਜਾਬ ਭਰ ਦੇ ਮਜ਼ਦੂਰਾਂ ਵਿਚ ਸਰਕਾਰ ਵਿਰੋਧੀ ਗੁੱਸਾ ਵਧ ਗਿਆ ਹੈ | ਆਗੂਆਂ ਨੇ ਮੰਗ ਕੀਤੀ ਕਿ ਮੁਕੇਸ਼ ਮਾਲੌਦ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਜਾਇਜ਼ ਹੱਕ ਦਿੱਤੇ ਜਾਣ | ਇਸ ਮੌਕੇ ਜ਼ਿਲ੍ਹਾ ਕਨਵੀਨਰ ਸੈਮੂਅਲ ਹੰਸ, ਵਿੱਕੀ ਜੌਹਲ, ਜਕੂਬ ਮਸੀਹ, ਸੱਤਾ ਮਸੀਹ, ਖਾਲਕ ਮਸੀਹ, ਵਿਲੀਅਮ ਮਸੀਹ, ਬੀਰ ਸਿੰਘ ਗੱਗੋਮਾਲ, ਪਾਰਸ ਮਸੀਹ ਕਤਲੇ, ਬੀਬੀ ਸ਼ਿੰਦੋ, ਬੀਬੀ ਕਮਲੇਸ਼ ਅਤੇ ਬੀਬੀ ਮਿੰਦੋ ਆਦਿ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ |