ਜੰਡਿਆਲਾ ਗੁਰੂ, 2 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਦਸਵੇਂ ਪਾਤਸ਼ਾਹ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਜੰਡਿਆਲਾ ਗੁਰੂ ਦੇ ਪਿੰਡ ਖਲੈਹਿਰਾ ਦੀ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਜਸਮੇਰ ਸਿੰਘ ਖਲੈਹਿਰਾ ਸਾਬਕਾ ਸਰਪੰਚ ਦੇ ਪੁੱਤਰ ਗੁਰਕੀਰਤ ਸਿੰਘ ਸੋਨਾ ਦੇ ਯਤਨਾਂ ਸਦਕਾ ਇਸ ਮੌਕੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਜਿਸ ਵਿਚ 4 ਸਾਲ ਤੋਂ 9 ਸਾਲ ਤੱਕ ਤੇ ਬੱਚੇ ਬੱਚੀਆਂ ਨੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਬੱਚੀ ਪਰਨੀਤ ਕੌਰ ਨੂੰ 2100 ਰੁਪਏ ਦਾ ਨਕਦ ਇਨਾਮ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਗੁਰ ਮੰਨਤ ਕੌਰ ਨੂੰ 1100 ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸਾਹਿਬ ਜੋਤ ਕੌਰ ਨੂੰ 500 ਰੁਪਏ ਦੇ ਨਕਦ ਇਨਾਮ ਦਿੱਤੇ ਗਏ | ਇਸ ਗੁਰਬਾਣੀ ਕੰਠ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਭ ਬੱਚਿਆਂ ਨੂੰ ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਬਹੁਤ ਪਿਆਰ ਅਦਬ ਨਾਲ ਗੁਰਬਾਣੀ ਸੁਣਾਈ | ਇਸ ਦੇ ਨਾਲ ਗੁਰਕੀਰਤ ਸਿੰਘ ਸੋਨਾ ਵਲੋਂ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੈ ਤੇ ਸਾਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਡਾ ਜੋ ਐਜੂਕੇਸ਼ਨ ਸਿਸਟਮ ਹੈ ਉਸ ਵਿਚ ਸਿੱਖ ਇਤਿਹਾਸ ਬਿਲਕੁਲ ਨਾਂਹ ਦੇ ਬਰਾਬਰ ਹੈ, ਜਿਸ ਕਰਕੇ ਸਾਨੂੰ ਬੱਚਿਆਂ ਨੂੰ ਸਿੱਖ ਇਤਿਹਾਸ ਆਪ ਉੱਦਮ ਕਰਕੇ ਦੱਸਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਅਤੇ ਸਿੱਖੀ ਨਾਲ ਜੁੜੇ ਰਹਿਣ | ਇਸ ਮੌਕੇ ਤੇ ਸਾਬਕਾ ਸਰਪੰਚ ਜਸਮੇਰ ਸਿੰਘ ਖਲੈਹਿਰਾ, ਮੇਹਰ ਸਿੰਘ ਸ਼ਾਹ, ਮੇਹਰ ਸਿੰਘ ਸੰਗਾ, ਜਸਬੀਰ ਸਿੰਘ ਸ਼ਾਹ, ਹਰਜਿੰਦਰ ਸਿੰਘ ਸ਼ਾਹ, ਚਮਕੌਰ ਸਿੰਘ ਸ਼ਾਹ, ਬਲਜੀਤ ਸਿੰਘ ਫ਼ੌਜੀ, ਅਮਨ ਖਲੈਹਿਰਾ, ਗੱਗੂ ਖਲੈਹਿਰਾ, ਪ੍ਰਗਟ ਸਿੰਘ ਤੇ ਹੋਰ ਹਾਜ਼ਰ ਸਨ |