19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਵੱਖ-ਵੱਖ ਥਾਵਾਂ 'ਤੇ ਗਣਤੰਤਰਤਾ ਦਿਵਸ ਮੌਕੇ ਲਹਿਰਾਇਆ ਤਿੰਰਗਾ <br/>

Ad Position 21
No active advertisement
ਅਜੀਤ ਡੈਸਕ 28-01-2026

ਅਟਾਰੀ, (ਅੰਮ੍ਰਿਤਸਰ) 27 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ 77ਵੇਂ ਗਣਤੰਤਰ ਦਿਵਸ ਮੌਕੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਅਤੇ ਯਾਤਰੀਆਂ ਤੇ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕਰਨ ਤੋਂ ਬਾਅਦ ਹੀ ਪਾਰਕਿੰਗ ਅਤੇ ਦਰਸ਼ਕ ਗੈਲਰੀ ਵੱਲ ਜਾਣ ਦਿੱਤਾ ਗਿਆ। ਪੀਐਚਜੀ ਇੰਚਾਰਜ ਸਿਕਿਉਰਟੀ ਅਟਾਰੀ ਸਰਹੱਦ ਨਰਾਇਣਜੀਤ ਸ਼ਰਮਾ ਵਲੋਂ ਦੱਸਿਆ ਗਿਆ ਹੈ ਕਿ 77ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਕਸਟਮ ਗੇਟ ਨੰਬਰ 1, ਜੇਸੀਪੀ, ਇੰਟੀਗਰੇਟਡ ਚੈੱਕ ਪੋਸਟ ਅਟਾਰੀ, ਸ਼ਾਹੀ ਕਿਲਾ ਸਰਕਾਰੀ ਪਾਰਕ, ਆਈਸੀਪੀ ਮੁੱਖ ਦੁਆਰਾ ਅਤੇ ਚੁਫੇਰੇ ਬੀਐਸਐਫ, ਪੰਜਾਬ ਪੁਲਿਸ ਅਤੇ ਪੀਐੱਚਜੀ ਵਲੋਂ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਕਿ ਕੋਈ ਗਲਤ ਅਨਸਰ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਤੜਕਸਾਰ ਤੋਂ ਹੀ ਭਾਰਤ ਦੇ ਵੱਖ-ਵੱਖ ਰਾਜਾਂ 'ਚੋਂ 26 ਜਨਵਰੀ ਦਾ ਸ਼ੁਭ ਦਿਹਾੜਾ ਅਟਾਰੀ ਸਰਹੱਦ 'ਤੇ ਮਨਾਉਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਦਿਹਾੜੇ ਮੌਕੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਵੱਡੀ ਗਿਣਤੀ ਵਿਚ ਜਨਤਾ ਅਟਾਰੀ ਸਰਹੱਦ ਪਹੁੰਚ ਗਈ ਹੈ ਭਾਰੀ ਭੀੜ ਹੋਣ ਦੇ ਕਾਰਨ ਕਰੀਬ 11 ਵਜੇ ਤੋਂ ਪਹਿਲਾਂ ਹੀ ਪਬਲਿਕ ਨੂੰ ਝੰਡੇ ਦੀ ਰਸਮ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤਾਂ ਕਿ ਉਹ ਆਪਣੀਆਂ ਸੀਟਾਂ 'ਤੇ ਚੰਗੀ ਤਰ੍ਹਾਂ ਬੈਠ ਕੇ ਝੰਡੇ ਦੀ ਰਸਮ ਦਾ ਆਨੰਦ ਮਾਣ ਸਕਣ। ਯਾਤਰੀ ਇਜਾਜ਼ਤ ਮਿਲਣ ਤੋਂ ਬਾਅਦ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਹੋਏ ਰੀਟਰੀਟ ਸੈਰਾਮਨੀ ਦੀ ਰਸਮ ਵੇਖਣ ਨੂੰ ਰਵਾਨਾ ਹੋ ਗਏ। ਇਸ ਮੌਕੇ ਭਾਰੀ ਭੀੜ ਹੋਣ ਕਾਰਨ ਪਾਰਕਾਂ ਫੁੱਲ ਹੋ ਗਈਆਂ ਜਿਸ ਤੋਂ ਬਾਅਦ ਸੈਲਾਨੀਆ ਵਲੋਂ ਗੱਡੀਆਂ ਸੜਕਾਂ ਦੇ ਕਿਨਾਰਿਆਂ 'ਤੇ ਲਗਾ ਦਿੱਤੀਆਂ ਗਈਆਂ ਅਤੇ ਉਹ ਝੰਡੇ ਦੀ ਰਸਮ ਵੇਖਣ ਵਾਲੇ ਸਥਾਨ ਵੱਲ ਚੱਲ ਪਏ। ਭਾਰਤੀ ਅਤੇ ਵਿਦੇਸ਼ੀ ਸੈਲਾਨੀ ਹੱਥਾਂ ਵਿਚ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਲਹਿਰਾ ਰਹੇ ਸਨ। ਉਨ੍ਹਾਂ ਨੇ ਆਪਣੇ ਚਿਹਰਿਆਂ 'ਤੇ ਵੀ ਤਿਰੰਗੇ ਛਪਵਾਏ ਅਤੇ ਸਿਰ ਉੱਪਰ ਤਿਰੰਗੇ ਝੰਡੇ ਦੇ ਨਿਸ਼ਾਨ ਵਾਲੀਆਂ ਟੋਪੀਆਂ ਪਹਿਨੀਆਂ ਹੋਈਆਂ ਸਨ। ਸਭ ਤੋਂ ਵੱਧ ਸੈਲਾਨੀ ਤਿਰੰਗੇ ਦੇ ਰੰਗ ਵਿਚ ਰੰਗੇ ਹੋਏ ਦਿਖਾਈ ਦਿੱਤੇ। ਸੀਮਾ ਸੁਰੱਖਿਆ ਬਲ ਵਲੋਂ ਵੀ ਦਰਸ਼ਕ ਗੈਲਰੀ ਅਤੇ ਆਸ ਪਾਸ ਤਿਰੰਗੇ ਝੰਡੇ ਲਗਾਏ ਗਏ ਸਨ। ਦਰਸ਼ਕ ਗੈਲਰੀ ਦੇ ਚੁਫੇਰੇ ਵੀ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਮਨਮੋਹਕ ਦ੍ਰਿਸ਼ ਬਣਾਇਆ ਗਿਆ ਸੀ। ਅਟਾਰੀ ਸਰਹੱਦ 'ਤੇ ਦੇਸ਼ ਦੀ ਸ਼ਾਨ ਸਭ ਤੋਂ ਉੱਚੇ ਤਿਰੰਗੇ ਝੰਡੇ ਨਾਲ ਸੈਲਾਨੀ ਤਸਵੀਰਾਂ ਕਰਵਾਉਂਦੇ ਅਤੇ ਸੈਲਫੀਆਂ ਲੈਂਦੇ ਹੋਏ ਯਾਦਗਾਰੀ ਤਸਵੀਰਾਂ ਕਰਵਾ ਰਹੇ ਸਨ। ਪੀਐਚਜੀ ਦੇ ਇੰਚਾਰਜ ਨਰਾਇਣਜੀਤ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਰੀਟਰੀਟ ਸੈਰਾਮਨੀ ਦੇਖਣ ਪਹਿਲਾਂ ਨਾਲੋਂ ਬਹੁਤ ਵੱਡੀ ਗਿਣਤੀ ਵਿੱਚ ਸੈਲਾਨੀ ਅਟਾਰੀ ਸਰਹੱਦ ਪਹੁੰਚੇ ਹਨ। ਪੀਐਚਜੀ ਦੀ ਨਫਰੀ ਵਧਾ ਦਿੱਤੀ ਗਈ ਹੈ ਤਾਂ ਕਿ ਸੈਲਾਨੀਆਂ ਨੂੰ ਜਾਣ ਸਮੇਂ ਅਟਾਰੀ ਸਰਹੱਦ ਤੋਂ ਬਾਹਰ ਨਿਕਲਣ ਲਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇੰਤਜਾਮ ਕਰ ਦਿੱਤੇ ਗਏ ਹਨ ਤਾਂ ਕਿ ਜਾਮ ਵਿਚ ਫਸ ਕੇ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਨਾ ਹੋਵੇ ਅਤੇ ਉਹ ਸਮੇਂ ਸਿਰ ਮੰਜ਼ਿਲ ਵੱਲ ਵਧ ਸਕਣ।
ਲੈਂਡ ਪੋਰਟ ਅਟਾਰੀ ਸਰਹੱਦ 'ਤੇ ਗਣਤੰਤਰ ਦਿਵਸ ਮਨਾਇਆ
ਅਟਾਰੀ ਸਰਹੱਦ, (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਲੈਂਡ ਪੋਰਟ ਅਟਾਰੀ ਸਰਹੱਦ ਤੇ 26 ਜਨਵਰੀ ਅੱਜ ਦੇਸ਼ ਦਾ 77ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਸ਼੍ਰੀ ਬੁੱਧੀ ਪ੍ਰਕਾਸ਼, ਏ.ਡੀ.ਸੀ. ਕਸਟਮ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਰਾਸ਼ਟਰੀ ਝੰਡਾ ਸ਼੍ਰੀ ਬੁੱਧੀ ਪ੍ਰਕਾਸ਼ ਅਤੇ ਸ਼੍ਰੀ ਸੂਰਜ ਭਾਨ ਹਾਂਡਾ, ਮੈਨੇਜਰ, ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ), ਲੈਂਡ ਪੋਰਟ ਅਟਾਰੀ ਦੁਆਰਾ ਸਾਂਝੇ ਤੌਰ 'ਤੇ ਲਹਿਰਾਇਆ ਗਿਆ। ਮੁੱਖ ਮਹਿਮਾਨ ਨੇ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਭਾਰਤ ਦੇ ਸੰਵਿਧਾਨ ਵਿਚ ਦਰਜ ਮੁੱਲਾਂ ਨੂੰ ਉਜਾਗਰ ਕਰਦੇ ਹੋਏ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਇਸ ਤੋਂ ਉਪਰੰਤ ਐਲਪੀਏਆਈ ਦੁਆਰਾ ਪਾਕਿ ਸਾਈਡ ਜੱਥਾ ਸ਼ੈੱਡ ਵਿਖੇ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਡੀਏਵੀ ਸਕੂਲ ਅਟਾਰੀ ਦੇ ਵਿਦਿਆਰਥੀਆਂ ਨੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਦਾ ਹਾਜ਼ਰ ਸਾਰਿਆਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿਚ ਲੈਂਡ ਪੋਰਟ ਅਟਾਰੀ ਦੇ ਪ੍ਰਮੁੱਖ ਸਟੇਕਹੋਲਡਰਾਂ ਨੇ ਸ਼ਿਰਕਤ ਕੀਤੀ, ਜਿਸ ਵਿਚ ਸ਼੍ਰੀ ਵਿਸ਼ਾਲ ਸਿੰਘ, ਕਮਾਂਡੈਂਟ, 168 ਬੀ.ਐੱਨ. ਬੀ.ਐੱਸ.ਐੱਫ. ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਧਿਕਾਰੀ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਸਾਰੇ ਹਾਜ਼ਰੀਨ ਨੂੰ ਰਿਫਰੈਸ਼ਮੈਂਟ ਦਿੱਤੀ ਗਈ, ਅਤੇ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਸ਼੍ਰੀ ਬੁੱਧੀ ਪ੍ਰਕਾਸ਼ ਅਤੇ ਸ਼੍ਰੀ ਵਿਸ਼ਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਰਾਸ਼ਟਰੀ ਸਵੈਮਾਣ ਅਤੇ ਏਕਤਾ ਦੀ ਭਾਵਨਾ ਨਾਲ ਸਮਾਰੋਹ ਦੀ ਸਮਾਪਤੀ ਹੋਈ। ਆਏ ਹੋਏ ਸਮੂੰਹ ਅਹੁਦੇਦਾਰਾਂ ਨੂੰ ਸ਼੍ਰੀ ਸੂਰਜ ਭਾਨ ਹਾਂਡਾ ਮੈਨੇਜਰ ਲੈਂਡ ਪੋਰਟ ਅਟਾਰੀ ਭਾਰਤ ਵਲੋਂ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇੰਡੀਆ ਪ੍ਰੈਜੀਡੈਂਸ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਅਟਾਰੀ, (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਹਾਈਵੇਅ 'ਤੇ ਸਥਿਤ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਵਿਚ ਗਣਤੰਤਰ ਦਿਵਸ ਬੜੀ ਸ਼ਰਧਾ, ਉਤਸ਼ਾਹ ਅਤੇ ਦੇਸ਼ ਭਗਤੀ ਦੇ ਭਾਵਾਂ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਮੌਕੇ ਰਾਸ਼ਟਰੀ ਗੀਤ ਗਾਇਆ ਅਤੇ 26 ਜਨਵਰੀ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤ, ਕਵਿਤਾਵਾਂ ਅਤੇ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਦਿਲ ਜਿੱਤ ਲਏ। ਸਕੂਲ ਦੇ ਡਾਇਰੈਕਟਰ ਕੰਵਲਜੀਤ ਸਿੰਘ ਖੋਖਰ ਨੇ ਆਪਣੇ ਸੰਬੋਧਨ ਵਿਚ ਸੰਵਿਧਾਨ ਦੀ ਮਹੱਤਤਾ ਉੱਤੇ ਰੋਸ਼ਨੀ ਪਾਈ ਅਤੇ ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਵਲਜੀਤ ਸਿੰਘ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸੱਤਿਆ ਭਾਰਤੀ ਸਕੂਲ ਉਦੋਕੇ ਕਲਾਂ ਵਿਖੇ ਗਣਤੰਤਰ ਦਿਵਸ ਮਨਾਇਆ
ਟਾਹਲੀ ਸਾਹਿਬ, (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਸਕੂਲ ਉਦੋਕੇ ਕਲਾਂ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਵਲੋਂ ਨਿਭਾਈ ਗਈ। ਇਸ ਮੌਕੇ ਸਰਪੰਚ ਬਲਵਿੰਦਰ ਕੌਰ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਗਣਤੰਤਰ ਦੀ ਰੱਖਿਆ ਲਈ ਦੇਸ਼ ਦੇ ਅਣ ਗਿਣਤ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਜਿੰਨ੍ਹਾਂ ਦੇ ਸਦਕਾ ਅੱਜ ਅਸੀਂ ਗਣਤੰਤਰ ਮਨਾ ਰਹੇ ਹਾ। ਇਸ ਸਮਾਗਮ 'ਚ ਬੱਚਿਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ, ਸੁਸਮਾ ਰਾਣੀ, ਰਾਜਵਿੰਦਰ ਕੌਰ, ਸੰਦੀਪ ਕੌਰ, ਜਸਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਅਮਨਦੀਪ ਕੌਰ ਸਮੇਤ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
ਟਾਹਲੀ ਸਾਹਿਬ, (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਨਿਹੰਗ ਸਿੰਘ ਜਥੇਬੰਦੀ ਦੇ ਮੁੱਖੀ ਮਹਾਂਕਾਲ ਖਿਦੋਵਾਲੀ ਤੇ ਰਾਮ ਪ੍ਰਕਾਸ਼ ਭੀਲੋਵਾਲ ਨੇ ਨਿਭਾਈ ਤੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਸਮਾਗਮ ਵਿਚ ਸਕੂਲ ਦੇ ਛੋਟੇ ਛੋਟੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫੀਆਂ, ਸਭਿਆਚਾਰਕ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਕਿਹਾ ਕਿ 77ਵਾਂ ਗਣਤੰਤਰ ਦਿਵਸ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸੁਤੰਤਰਤਾ ਸੰਗਰਾਮੀਆਂ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਲੰਮਾ ਸੰਘਰਸ਼ ਕਰਕੇ ਆਜ਼ਾਦੀ ਹਾਸਿਲ ਕੀਤੀ ਤੇ ਪੰਜਾਬ ਦਾ ਸਿਰ ਉੱਚਾ ਕੀਤਾ। ਇਸ ਮੌਕੇ ਮੈਡਮ ਸੰਦੀਪ ਕੌਰ, ਮੈਡਮ ਪ੍ਰਮਜੀਤ ਸਿੰਘ, ਮੈਡਮ ਨਵਜੋਤ ਕੌਰ, ਮੈਡਮ ਦਲਜੀਤ ਕੌਰ, ਮੈਡਮ ਰਾਜਵਿੰਦਰ ਕੌਰ, ਮੈਡਮ ਲਵਪ੍ਰੀਤ ਕੌਰ, ਮੈਡਮ ਸ਼ਰਨਜੀਤ ਕੌਰ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਸਕੂਲ ਵੈਨ ਆਟੋ ਯੂਨੀਅਨ ਵੇਰਕਾ ਵਲੋਂ ਗਣਤੰਤਰਤਾ ਦਿਵਸ ਮਨਾਇਆ
ਨਵਾਂ ਪਿੰਡ, (ਜਸਪਾਲ ਸਿੰਘ)-ਸਕੂਲ ਵੈਨ ਆਟੋ ਯੂਨੀਅਨ ਵੇਰਕਾ ਵਲੋਂ ਯੂਨੀਅਨ ਦੇ ਦਫ਼ਤਤ ਨਜ਼ਦੀਕ ਵੱਲ੍ਹਾ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ, ਜਿਸ 'ਚ ਬਤੌਰ ਮੁੱਖ ਮਹਿਮਾਨ ਪਹੁੰਚੇ ਸੀਨੀਅਰ ਸਿਆਸਤਦਾਨ ਅਨਮੋਲ ਸਿੰਘ ਛਾਪਾ ਵਲੋਂ ਹਰ ਸਾਲ ਦੀ ਤਰ੍ਹਾਂ ਤਿਰੰਗਾ ਚੜ੍ਹਾਉਣ ਦੀ ਰਸਮ ਨਿਭਾਈ। ਕੌਮੀ ਤਿਉਹਾਰ ਨੂੰ ਲੈ ਕੇ ਆਮ ਲੋਕਾਂ ਤੇ ਵਿਸ਼ੇਸ਼ ਕਰ ਬੱਚਿਆਂ ਅੰਦਰ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਪਤਵੰਤਿਆਂ ਵਲੋਂ ਮਠਿਆਈਆਂ ਨਾਲ ਹਮਰੁਤਬਾ ਦਾ ਮੂੰਹ ਮਿੱਠਾ ਕਰਵਾਇਆ ਗਿਆ। ਛਾਪਾ ਨੇ ਅਜ਼ਾਦੀ ਦੀ ਲੰਬੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਵੇਂ ਭਾਰਤੀ ਲੋਕਾਂ ਦੀ ਵੱਡੀ ਜੱਦੋ ਜਹਿਦ ਅਤੇ ਕੁਰਬਾਨੀਆਂ ਤੋਂ ਬਾਅਦ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੁਆਰਾ ਰਚਿਤ ਸੰਵਿਧਾਨ ਦੇ ਲਾਗੂ ਹੋਣ ਨਾਲ ਭਾਰਤ ਇਕ ਗਣਤੰਤਰ ਦੇਸ਼ ਬਣਿਆ । ਇਸ ਮੌਕੇ ਹਾਜ਼ਰੀਨ ਵਲੋਂ ਵਤਨ ਖਾਤਰ ਅੱਤਵਾਦ ਤੇ ਦੇਸ਼ ਧ੍ਰੋਹੀ ਤਾਕਤਾਂ ਦੇ ਖਿਲਾਫ਼ ਡਟਣ ਦਾ ਸੰਕਲਪ ਲਿਆ ਗਿਆ। ਉਨ੍ਹਾਂ ਦੁਆਰਾ ਲਗਾਏ ਇਨਕਲਾਬ -ਜ਼ਿੰਦਾਬਾਦ ਦੇ ਨਾਅਰਿਆਂ ਨਾਲ ਫਿਜ਼ਾ ਦੇਸ਼ ਭਗਤੀ ਦੇ ਰੰਗ 'ਚ ਰੰਗੀ ਗਈ। ਇਸ ਮੌਕੇ ਸਤਨਾਮ ਸਿੰਘ, ਜਸਬੀਰ ਸਿੰਘ, ਬੰਟੀ ਸੋਹੀਆਂ, ਮੁੱਖਤਾਰ ਸਿੰਘ ਲਾਡਾ, ਹਰਜਿੰਦਰ ਸਿੰਘ ਨਿਜ਼ਾਮਪੁਰ, ਵੀਰ ਸਿੰਘ, ਰਾਮ ਬੱਬੂ, ਹਰਵਿੰਦਰ ਸਿੰਘ, ਬਜਾਜ, ਰਵੀ ਤੇ ਕ੍ਰਿਸ਼ਨ ਆਦਿ ਹਾਜ਼ਰ ਸਨ।
ਅੰਮ੍ਰਿਤਸਰ ਫਰੂਟ ਐਂਡ ਵੇਜ਼ੀਟੇਬਲ ਮਰਚੇਂਟ ਐਸੋਸੀਏਸ਼ਨ ਵਲੋਂ ਗਣਤੰਤਰ ਦਿਵਸ ਮਨਾਇਆ
ਨਵਾਂ ਪਿੰਡ, (ਜਸਪਾਲ ਸਿੰਘ)-ਅੰਮ੍ਰਿਤਸਰ ਫਰੂਟ ਐਂਡ ਵੇਜ਼ੀਟੇਬਲ ਮਰਚੇਂਟ ਐਸੋਸੀਏਸ਼ਨ, ਸਬਜ਼ੀ ਮੰਡੀ ਵੱਲ੍ਹਾ ਵਲੋਂ ਸਬਜ਼ੀ ਮੰਡੀ ਵੱਲ੍ਹਾ ਸਮੂਹ 'ਚ ਐਸੋਸੀਏਸ਼ਨ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਤੇ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਨਿਜ਼ਾਮਪੁਰ ਦੀ (ਬਾਕੀ ਸਫ਼ਾ 8 'ਤੇ)
ਸਫ਼ਾ 7 ਦੀ ਬਾਕੀ
ਅਗਵਾਈ 'ਚ 77ਵਾਂ ਗਣਤੰਤਰਤਾ ਦਿਵਸ ਬੜੀ ਧੂਮ-ਧਾਮ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਰਾਸ਼ਟਰੀ ਧੁੰਨਾਂ 'ਚ ਪ੍ਰਧਾਨ ਬੱਤਰਾ, ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਨਿਜ਼ਾਮਪੁਰ, ਚੇਅਰਮੈਨ ਰਾਜਦੀਪ ਸਿੰਘ ਉੱਪਲ, ਜਨਰਲ ਸਕੱਤਰ ਜਤਿੰਦਰ ਖੁਰਾਣਾ ਤੇ ਪ੍ਰੈਸ ਸਕੱਤਰ ਬਿੱਲਾ ਨਿਜ਼ਾਮਪੁਰ ਨਾਲ ਤਿਰੰਗਾ ਲਹਿਰਾਇਆ ਗਿਆ। ਉਨ੍ਹਾਂ ਵਲੋਂ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ। ਇਸ ਮੌਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੜ੍ਹਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਭਜੋਤ ਸਿੰਘ ਬੱਤਰਾ, ਬੱਬਲਾ 19, ਹਨੀ, ਲਵਲੀ ਅਰੋੜਾ, ਸਾਬੀ 36, ਮਨੀ ਰੂਬਲ, ਮਾਨਵ, ਬਾਲੀ 42, ਲਾਲੀ 30, ਜੋਨੀ ਨਵਾਂ ਪਿੰਡ ਤੇ ਸਮੂਹ ਆੜ੍ਹਤੀ ਭਾਈਚਾਰਾ ਤੇ ਮੰਡੀ ਕਰਮੀ ਹਾਜ਼ਰ ਸਨ।
ਸੱਤਿਆ ਭਾਰਤੀ ਸਕੂਲ ਚਵਿੰਡਾ ਦੇਵੀ ਵਿਚ ਗਣਤੰਤਰ ਦਿਵਸ ਸ਼ਾਨੋਂ-ਸ਼ੌਕਤ ਨਾਲ ਮਨਾਇਆ
ਚਵਿੰਡਾ ਦੇਵੀ, (ਸਤਪਾਲ ਸਿੰਘ ਢੱਡੇ)-ਸੱਤਿਆ ਭਾਰਤੀ ਸਕੂਲ ਚਵਿੰਡਾ ਦੇਵੀ ਵਿਚ 77ਵਾਂ ਗਣਤੰਤਰ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦੀ ਅਗਵਾਈ ਪਿੰਡ ਚਵਿੰਡਾ ਦੇਵੀ ਦੀ ਸਰਪੰਚ ਪਰਮਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ। ਇਸ ਮੌਕੇ ਪੰਚਾਇਤ ਮੈਂਬਰਾਂ, ਪਿੰਡ ਵਾਸੀਆਂ ਅਤੇ ਸਕੂਲ ਕਮੇਟੀ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਸੁਖਬੀਰ ਕੌਰ, ਕਲੱਸਟਰ ਕੋਆਰਡੀਨੇਟਰ ਸੁਖਵਿੰਦਰ ਸਿੰਘ ਅਤੇ ਸਟਾਫ ਮੈਂਬਰਾਂ ਵਲੋਂ ਮੁੱਖ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤ, ਭੰਗੜਾ, ਗਿੱਧਾ ਅਤੇ ਕਵਿਤਾ ਪਾਠ ਵਰਗੀਆਂ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਖੇਡਾਂ ਅਤੇ ਪੜ੍ਹਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਸੰਵਿਧਾਨ ਦੀ ਮਹੱਤਤਾ ਉੱਤੇ ਰੋਸ਼ਨੀ ਪਾਈ ਅਤੇ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਮਿਹਨਤ ਰਾਹੀਂ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਦੇਬੂ, ਸੋਨੀ ਰੰਧਾਵਾ, ਬੱਬੂ ਭੰਡਾਰੀ, ਸਵਰਨਜੀਤ ਸਿੰਘ, ਕਾਕਾ ਭੰਡਾਰੀ, ਏ.ਪੀ. ਚਵਿੰਡਾ ਦੇਵੀ, ਲਾਡੀ ਨੰਬਰਦਾਰ, ਮਾਸਟਰ ਗੰਗਾ ਸਿੰਘ ਆਦਿ ਆਗੂ ਹਾਜ਼ਰ ਸਨ।
ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਵਿਚ ਗਣਤੰਤਰ ਦਿਵਸ ਮਨਾਇਆ
ਚਵਿੰਡਾ ਦੇਵੀ, (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ, ਚਵਿੰਡਾ ਦੇਵੀ ਵਿਚ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਨੂੰ ਬੜੀ ਸ਼ਰਧਾ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਾਂਗਣ ਵਿਚ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਆਜ਼ਾਦੀ ਅਤੇ ਦੇਸ਼ ਭਗਤੀ ਨਾਲ ਸੰਬੰਧਿਤ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਅਸੈਂਬਲੀ ਦੌਰਾਨ ਐੱਨ.ਸੀ.ਸੀ. ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਬੱਚਿਆਂ ਨੇ ਦੇਸ਼ ਭਗਤੀ ਗੀਤਾਂ ਅਤੇ ਹੋਰ ਪ੍ਰਸਤੁਤੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਸਕੂਲ ਮੈਨੇਜਮੈਂਟ, ਐੱਮ.ਡੀ ਮੈਡਮ, ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕਪੂਰ ਅਤੇ ਐੱਮ.ਡੀ ਸ਼੍ਰੀਮਤੀ ਕੋਮਲ ਕਪੂਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਅਤੇ ਨੇਤਾਵਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ, ਜਿਸ ਨਾਲ ਭਾਰਤ ਇੱਕ ਗਣਰਾਜ ਬਣਿਆ। ਇਹ ਦਿਨ ਭਾਰਤੀ ਲੋਕਤੰਤਰ, ਵਿਭਿੰਨਤਾ ਅਤੇ ਸੰਵਿਧਾਨਕ ਮੁੱਲਾਂ ਦਾ ਪ੍ਰਤੀਕ ਹੈ, ਜਿਸ ਨੂੰ ਹਰ ਸਾਲ ਗੌਰਵ ਨਾਲ ਮਨਾਇਆ ਜਾਂਦਾ ਹੈ। ਇਸ ਸਮਾਗਮ ਵਿਚ ਸਕੂਲ ਦੇ ਡਾਇਰੈਕਟਰ ਮਿਸਟਰ ਸ਼ਵੀ ਕਪੂਰ, ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਰਹੇ।
ਦਾ ਵਿਜ਼ਡਮ ਸਕੂਲ, ਅੱਡਾ ਬਾਉਲੀ ਵਿਖੇ ਗਣਤੰਤਰ ਦਿਵਸ ਮਨਾਇਆ
ਰਾਮ ਤੀਰਥ, (ਧਰਵਿੰਦਰ ਸਿੰਘ ਔਲਖ)-ਸ਼ੁਭ ਕਰਮਨ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਦੁਆਰਾ ਚਲਾਇਆ ਜਾ ਰਿਹਾ ਦਾ ਵਿਜ਼ਡਮ ਸਕੂਲ ਰਾਮ ਤੀਰਥ ਰੋਡ, ਅੱਡਾ ਬਾਉਲੀ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਉੱਪਰ ਰਕੇਸ਼ ਸਿੰਘ ਲੈਕਚਰਾਰ ਸਰਕਾਰੀ ਸਕੂਲ ਭਕਨਾ ਅਤੇ ਸ਼੍ਰੀਮਤੀ ਅਮਨਦੀਪ ਕੌਰ ਸਰਕਾਰੀ ਸਕੂਲ ਛੇਹਰਟਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਲੈਕਚਰਾਰ ਰਕੇਸ਼ ਸਿੰਘ ਅਤੇ ਸਕੂਲ ਦੇ ਡਾਇਰੈਕਟਰ ਦੌਲਤ ਸਿੰਘ ਸੰਧੂ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਕੂਲ ਦੇ ਸਟਾਫ, ਪ੍ਰਿੰਸੀਪਲ ਅਤੇ ਆਏ ਹੋਏ ਮੁੱਖ ਮਹਿਮਾਨਾਂ ਦੁਆਰਾ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਲੈਕਚਰਾਰ ਰਕੇਸ਼ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਆਜ਼ਾਦੀ ਘੁਲਾਟੀਆਂ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ ਅਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉੱਪਰ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸਕੂਲ ਦੇ ਡਾਇਰੈਕਟਰ ਦੌਲਤ ਸਿੰਘ ਸੰਧੂ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਸੱਤਿਅਮ ਇੰਸਟੀਚਿਊਟ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ
ਰਾਮ ਤੀਰਥ, (ਧਰਵਿੰਦਰ ਸਿੰਘ ਔਲਖ)-ਸਤਿਅਮ ਇੰਸਟੀਚਿਊਟ ਰਾਮ ਤੀਰਥ ਅੰਮ੍ਰਿਤਸਰ ਵਿਖੇ 77ਵਾਂ ਗਣਤੰਤਰ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਤਿਅਮ ਇੰਸਟੀਚਿਊਟ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਐੱਮ.ਡੀ. ਡਾ. ਮਿਸਿਜ ਮਿਰਦੁਲਾ ਭਾਰਦਵਾਜ, ਮਿਸਿਜ਼ ਇਸ਼ਾਤਾ ਭਾਰਦਵਾਜ ਸੀ.ਈ.ਓ., ਡਾਇਰੈਕਟਰ ਸਤਿਅਮ ਭਾਰਦਵਾਜ ਅਤੇ ਮਿਸਿਜ਼ ਸੁਭੀ ਭਾਰਦਵਾਜ਼ ਨੇ ਆਪਣੇ ਸੁਨੇਹੇ ਰਾਹੀਂ ਸਟਾਫ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਮਹੱਤਵਪੂਰਨ ਦਿਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ. ਉਨ੍ਹਾਂ ਨੇ ਇਸ ਦਿਨ ਨੂੰ ਸੰਵਿਧਾਨ ਅਤੇ ਲੋਕਤੰਤਰ ਦੇ ਆਦਰਸ਼ਾਂ ਦੀ ਯਾਦ ਦਿਵਾਉਣ ਦਾ ਮੌਕਾ ਕਹਿੰਦੇ ਹੋਏ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਇਸ਼ਬ ਕੁਮਾਰ ਅਤੇ ਮਿਸਿਜ਼ ਅਮਨਦੀਪ ਕੌਰ ਉਪ ਪ੍ਰਿੰਸੀਪਲ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਗਣਤੰਤਰ ਦਿਵਸ ਦੇ ਮਹੱਤਵ ਨੂੰ ਉਜਾਗਰ ਕੀਤਾ. ਉਨ੍ਹਾਂ ਨੇ ਡਾ. ਭੀਮ ਰਾਓ ਅੰਬੇਡਕਰ ਦੀ ਸੰਵਿਧਾਨ ਬਣਾਉਣ ਵਿਚ ਪਾਏ ਅਮੁਲ ਯੋਗਦਾਨ ਦੀ ਯਾਦ ਦਿਵਾਈ। ਇਸ ਦੇ ਨਾਲ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਬਾਰੇ ਵੀ ਚਰਚਾ ਕੀਤੀ ਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਸਟਾਫ ਵਿਚ ਮਿਠਾਈਆਂ ਵੰਡ ਕੇ ਇਸ ਦਿਵਸ ਦਾ ਸਮਾਪਨ ਹੋਇਆ। ਇਹ ਗਣਤੰਤਰ ਦਿਵਸ ਦਾ ਜਸ਼ਨ ਸਿਰਫ ਇੱਕ ਸਮਾਰੋਹ ਹੀ ਨਹੀਂ ਸੀ, ਬਲਕਿ ਸਾਰਿਆਂ ਲਈ ਦੇਸ਼ ਭਗਤੀ ਦੇ ਨਵੇਂ ਜਜ਼ਬੇ ਭਰਨ ਵਾਲਾ ਮੌਕਾ ਬਣਿਆ।
ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਭੱਟੀ ਵਿਖੇ ਗਣਤੰਤਰ ਦਿਵਸ ਮਨਾਇਆ
ਤਰਸਿੱਕਾ, (ਅਤਰ ਸਿੰਘ ਤਰਸਿੱਕਾ)-ਸਤਿਆ ਭਾਰਤੀ ਐਲੀਮੈਂਟਰੀ ਸਕੂਲ ਭੱਟੀਕੇ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਹੈਰ ਸਰਪੰਚ ਤੇ ਪ੍ਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਸਕਿਟਾਂ ਤੇ ਦੇਸ਼ ਪਿਆਰ ਦੇ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਦਲਜਿੰਦਰ ਕੌਰ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਆਏ ਹੋਏ ਮੁੱਖ ਮਹਿਮਾਨ ਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਪ੍ਰਭਜੀਤ ਕੌਰ, ਦਿਪਤੀ ਸ਼ਰਮਾ, ਕਿਰਨ ਕੁਮਾਰੀ, ਰਜਵੰਤ ਕੌਰ, ਪ੍ਰਦੀਪ ਕੌਰ, ਦਲਬੀਰ ਕੌਰ ਰਜਵੰਤ ਕੌਰ ਅਤੇ ਨਵਨੀਤ ਕੌਰ, ਜੋਤੀ ਬਾਲਾ ਤੇ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸੰਸਾਰ ਦੇ ਮੋਹਰੀ ਦੇਸ਼ਾਂ 'ਚ ਗਿਣਿਆ ਜਾਣ ਲੱਗਾ- ਪਿਆਰਾ ਸਿੰਘ <b... ਅਗਲੀ ਖ਼ਬਰ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਵਿਦੇਸ਼ੀ ਪਿਸਤੌਲ ਨਾਲ ਇਕ ਦੋਸ਼ੀ ਕੀਤਾ ਕਾਬੂ <br/>
Ad Position 24