ਅਜਨਾਲਾ, 28 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ 'ਤੇ 26 ਜਨਵਰੀ 2021 ਦਿੱਲੀ ਮੋਰਚੇ ਦੀ ਟਰੈਕਟਰ ਪਰੇਡ ਦੀ ਪੰਜਵੀਂ ਵਰ੍ਹੇਗੰਢ ਤੇ ਆਰ.ਐੱਸ.ਐੱਸ.-ਭਾਜਪਾ ਦੀ ਮੋਦੀ ਸਰਕਾਰ ਵਲੋਂ ਦੁਬਾਰਾ ਕਾਲੇ ਬਿੱਲਾਂ ਤੋਂ ਵੀ ਘਾਤਕ ਬਿਜਲੀ ਸੋਧ ਬਿੱਲ 2026 ਤੇ ਬੀਜ ਬਿੱਲ 2026 ਅਤੇ ਮਜ਼ਦੂਰ ਵਿਰੋਧੀ ਚਾਰ ਕੋਡਾਂ ਲਾਗੂ ਕਰਕੇ ਤੇ ਮਨਰੇਗਾ ਦਾ ਸਵਰੂਪ ਬਦਲ ਕੇ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਲੋਕਾਂ ਤੇ ਵੱਡਾ ਹੱਲਾ ਬੋਲ ਦਿੱਤਾ ਹੈ | ਇਨ੍ਹਾਂ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੈਂਕੜੇ ਪਿੰਡਾਂ ਤੋਂ ਟਰੈਕਟਰਾਂ ਦੇ ਕਾਫ਼ਲੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ 'ਚ ਸੈਂਕੜੇ ਟਰੈਕਟਰ ਇਲਾਕੇ ਦੇ ਪਿੰਡ-ਪਿੰਡ ਵਿਚ ਇਨ੍ਹਾਂ ਕਾਲੇ ਬਿੱਲਾਂ ਨੂੰ ਰੱਦ ਕਰੋ ਦੇ ਅਸਮਾਨ ਗੁੰਜਾਊ ਨਾਅਰੇ ਮਾਰਦੇ ਅਤੇ ਦੇਸ਼ ਵਿਰੋਧੀ ਅਤੇ ਕਾਰਪੋਰੇਟ ਪੱਖੀ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ, ਕਾਰਪੋਰੇਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ ਪਿੱਟ ਸਿਆਪਾ ਕਰਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਵੀ ਨਾਅਰੇ ਮਾਰਦੇ ਹੋਏ ਅਜਨਾਲਾ ਤੋਂ ਮਹਿਰ ਬੁਖ਼ਾਰੀ ਚੌਕ ਵਿਚ ਪਹੁੰਚਦਿਆਂ ਪਹੁੰਚਦਿਆਂ ਟਰੈਕਟਰਾਂ ਦਾ ਹੜ੍ਹ ਆਗਿਆ ਤੇ ਚੌਕ ਦੇ ਚਾਰੇ ਪਾਸੇ ਮੀਲਾਂ ਦੂਰ ਤੱਕ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਸਨ | ਐੱਸ.ਕੇ.ਐੱਮ. ਦੀਆਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਜਮਹੂਰੀ ਕਿਸਾਨ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਸੂਬਾਈ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਸੁੱਚਾ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰ.ਐੱਸ.ਐੱਸ., ਭਾਜਪਾ ਦੀ ਮੋਦੀ ਸਰਕਾਰ ਜਿਹੜਾ ਵੀ ਕੰਮ ਕਰਦੀ ਹੈ ਉਹ ਦੇਸ਼ ਵਿਰੋਧੀ ਅਤੇ ਕਾਰਪੋਰੇਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ ਹੁੰਦਾ ਹੈ | ਉਕਤ ਆਗੂਆਂ ਨੇ ਅੱਗੇ ਦੱਸਿਆ ਕਿ ਬਿਜਲੀ ਬਿੱਲ ਪਾਸ ਹੋਣ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਮੁੜ ਘਰਾਂ ਵਿਚ ਹਨ੍ਹੇਰਾ ਛਾ ਜਾਵੇਗਾ, ਇਸ ਤਰ੍ਹਾਂ ਬੀਜ ਬਿੱਲ ਮੋਦੀ ਸਰਕਾਰ ਲਿਆ ਕੇ ਸਮੁੱਚਾ ਬੀਜ ਕਾਰੋਬਾਰ ਦੇਸੀ ਤੇ ਵਿਦੇਸ਼ਾਂ ਦੀਆਂ ਕੰਪਨੀਆਂ ਦੇ ਹਵਾਲੇ ਹੋਣ ਨਾਲ ਦੇਸ਼ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ | ਰੈਲੀ 'ਚ ਸ਼ਾਮਿਲ ਲੋਕਾਂ ਨੇ ਪ੍ਰਣ ਲਿਆ ਕਿ ਜਦੋਂ ਤੱਕ ਇਹ ਚਾਰ ਦੇਸ਼ ਵਿਰੋਧੀ ਬਿੱਲ ਕਾਨੂੰਨਾਂ ਨੂੰ ਦਫ਼ਨਾ ਨਹੀਂ ਦਿੰਦੇ ਉਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਮਾਸਟਰ ਅਮਰੀਕ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ ਛੀਨਾ ਤੇ ਕਾਬਲ ਸਿੰਘ ਛੀਨਾ, ਸੁਖਦੇਵ ਸਿੰਘ ਸੈਂਸਰਾ, ਟਹਿਲ ਸਿੰਘ ਚੇਤਨਪੁਰਾ, ਹਰਜਿੰਦਰ ਸਿੰਘ ਦੁਧਰਾਏ, ਅਵਤਾਰ ਸਿੰਘ ਜੱਸੜ, ਸਰਪੰਚ ਤੇਜਬੀਰ ਸਿੰਘ ਭੋਲਾ ਬੱਗਾ, ਤਰਸੇਮ ਸਿੰਘ, ਕੁਲਵੰਤ ਸਿੰਘ ਤੋਲਾਨੰਗਲ, ਬਲਤੇਜ ਸਿੰਘ ਦਿਆਲਪੁਰਾ, ਮੇਜਰ ਸਿੰਘ ਕੜਿਆਲ, ਅਮਰਜੀਤ ਸਿੰਘ ਹਰੜ ਖ਼ੁਰਦ, ਲਵਜੀਤ ਸਿੰਘ ਮਲਕਪੁਰ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਉਠੀਆਂ, ਦੇਸਾ ਸਿੰਘ ਭਿੰਡੀ ਔਲਖ, ਸਰਪੰਚ ਬਲਕਾਰ ਸਿੰਘ ਜੋਸ਼ ਮੁਹਾਰ, ਸਰਪੰਚ ਅਵਤਾਰ ਸਿੰਘ ਤੇ ਹਰਨੇਕ ਸਿੰਘ ਨੇਪਾਲ, ਬਲਕਾਰ ਸਿੰਘ ਗੁਲਗੜ੍ਹ, ਜੱਗਾ ਸਿੰਘ ਡੱਲਾ, ਸਾਬਕਾ ਸਰਪੰਚ ਲਖਬੀਰ ਸਿੰਘ ਤੇੜਾ ਰਾਜਪੂਤਾਂ ਅਤੇ ਲਖਬੀਰ ਸਿੰਘ ਤੇੜਾ ਆਦਿ ਹਾਜ਼ਰ ਸਨ |