ਟੋਰਾਂਟੋ, 28 ਜਨਵਰੀ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵਲੋਂ ਬੀਤੇ ਦਿਨੀ ਜ਼ੂਮ ਵਿਧੀ ਰਾਹੀਂ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਰਹਿੰਦੇ ਅਹਿਮਦ ਰਜ਼ਾ ਪੰਜਾਬੀ ਜੋ ਕਿ ਪਾਕਿਸਤਾਨੀ ਪੰਜਾਬ ਵਿਚ ਆਪਣੇ ਸਾਥੀਆਂ ਨਾਲ ਮਿਲ ਕੇ 'ਪੰਜਾਬੀ ਪ੍ਰਚਾਰ' ਸੰਸਥਾ ਜ਼ਰੀਏ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ, ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿਚ ਜ਼ਰੂਰੀ ਵਿਸ਼ੇ ਵਜੋਂ ਲਾਗੂ ਕਰਵਾਉਣ ਅਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਜੱਦੋ-ਜਹਿਦ ਕਰ ਰਹੇ ਨੇ ਹਾਜਰੀਨ ਦੇ ਰੂਬਰੂ ਹੋਏ, ਜਿੱਥੇ ਬੋਲਦਿਆਂ ਅਹਿਮਦ ਰਜ਼ਾ ਪੰਜਾਬੀ ਨੇ ਆਖਿਆ ਕਿ ਉਹ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਮਾਂ ਬੋਲੀ ਦੀ ਹਮੇਸ਼ਾਂ ਖੈਰ ਮੰਗਦੇ ਨੇ ਅਤੇ ਪੰਜਾਬੀ ਬੋਲੀ ਨੂੰ ਪ੍ਰਚਾਰਨ ਲਈ ਆਪਣੇ ਸਾਥੀਆਂ ਨਾਲ ਮਿਲਕੇ ਪਿਛਲੇ ਕਈ ਸਾਲਾਂ ਤੋਂ ਉਪਰਾਲੇ ਕਰਦੇ ਆ ਰਹੇ ਨੇ | ਉਨ੍ਹਾਂ ਦਾ ਆਖਣਾ ਸੀ ਕਿ ਪੰਜਾਬੀ ਬੋਲੀ ਬਾਬਾ ਨਾਨਕ, ਬਾਬਾ ਬੁਲ੍ਹੇ ਸ਼ਾਹ ਤੇ ਹੋਰ ਪੀਰਾਂ ਫਕੀਰਾਂ ਅਤੇ ਪੰਜਾਬੀ ਪਿਆਰਿਆਂ ਦੀ ਬੋਲੀ ਹੈ ਜੋ ਲਹਿੰਦੇ ਪੰਜਾਬ ਦੇ ਕਰੋੜਾਂ ਪੰਜਾਬੀਆਂ ਵਲੋਂ ਬੋਲੀ ਤਾਂ ਜ਼ਰੂਰ ਜਾਂਦੀ ਹੈ ਪਰ ਸਰਕਾਰੇ ਦਰਬਾਰੇ ਇਸਦੀ ਕੋਈ ਪੁੱਛ ਪ੍ਰਤੀਤ ਨਹੀ ਕਿਉਂਕਿ ਉੱਥੇ ਉਰਦੂ ਹਾਵੀ ਹੈ | ਪੰਜਾਬੀ ਬੋਲੀ ਦੇ ਪ੍ਰਚਾਰ ਲਈ 13 ਸਾਲ ਪਹਿਲਾਂ ਉਨ੍ਹਾਂ ਆਪਣਾ ਯੂ-ਟਿਊਬ ਚੈਨਲ 'ਪੰਜਾਬੀ ਪ੍ਰਚਾਰ ਟੀ.ਵੀ.' ਸ਼ੁਰੂ ਕੀਤਾ ਅਤੇ ਇਸਦੇ ਰਾਹੀਂ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਕੁਝ ਸੁਹਿਰਦ ਪੰਜਾਬੀ ਨੌਜਵਾਨ ਤੇ ਪੰਜਾਬੀ ਬੋਲੀ ਦੇ ਹੋਰ ਹਿਤੈਸ਼ੀ ਇਸ ਨਾਲ ਜੁੜਦੇ ਗਏ ਅਤੇ ਹੌਲੀ ਹੌਲੀ 'ਪੰਜਾਬੀ ਪ੍ਰਚਾਰ 'ਨਾਂਅ ਦੀ ਸੰਸਥਾ ਹੋਂਦ ਵਿਚ ਆ ਗਈ ਜਿਸ ਵਲੋਂ ਪੰਜਾਬੀ ਬੋਲੀ ਨੂੰ ਸਕੂਲਾਂ ਵਿਚ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਉਣ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਆਰਾੰਭ ਕਰ ਦਿੱਤੀ ਤੇ ਇਸਦੇ ਨਾਲ ਹੀ ਪੰਜਾਬੀ ਬੋਲੀ ਨੂੰ ਪੰਜਾਬ ਸਰਕਾਰ ਵਲੋਂ ਮਾਨਤਾ ਦੇ ਕੇ ਇਸਨੂੰ ਸਰਕਾਰੀ ਦਫਤਰਾਂ ਦੀ ਭਾਸ਼ਾ ਬਣਾਉਣ ਅਤੇ ਸੜਕਾਂ ਉੱਤੇ ਸਾਈਨ ਬੋਰਡ ਪੰਜਾਬੀ ਵਿਚ ਲਿਖੇ ਜਾਣ ਦੀ ਮੰਗ ਬਾਰੇ ਵੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਇਸ ਲੰਮੀ ਲੜਾਈ ਦਾ ਨਤੀਜਾ ਇਹ ਨਿਕਲਿਆ ਕਿ ਅਗਲੇ ਸੈਸ਼ਨ ਤੋਂ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਬਾਰੇ ਲਏ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ | ਇਸ ਸਮੇਂ ਸਕੂਲਾਂ ਲਈ ਪੰਜਾਬੀ ਅਧਿਆਪਕਾਂ ਦੀ ਭਰਤੀ ਦਾ ਕੰਮ ਚਲ ਰਿਹਾ ਹੈ | ਸੜਕਾਂ ਉੱਤੇ ਪੰਜਾਬੀ ਵਿਚ ਲਿਖੇ ਸਾਈਨ ਬੋਰਡ ਲਾਏ ਜਾ ਰਹੇ ਹਨ, ਉਨ੍ਹਾਂ ਹੋਰ ਆਖਿਆ ਕਿ ਉਹ ਸਾਥੀਆਂ ਸਮੇਤ ਪੰਜਾਬੀ ਬੋਲੀ ਦੀ ਬਿਹਤਰੀ ਲਈ ਕੰਮ ਕਰਦੀਆਂ ਸੰਸਥਾਵਾਂ ਨਾਲ ਮਿਲ ਕੇ ਬੜੇ ਤਿਉਹਾਰ ਮਨਾਉਂਦੇ ਹਨ ਜਿਨ੍ਹਾਂ ਵਿਚ ਪੰਜਾਬੀ ਰੰਗ ਭਾਰੂ ਹੁੰਦਾ ਹੈ | ਉਨ੍ਹਾਂ ਸੰਸਥਾ ਵਲੋਂ ਪੰਜਾਬੀ ਬੋਲੀ ਦੀ ਬਿਹਤਰੀ ਲਈ ਕਰਵਾਈਆਂ 'ਵਰਲਡ ਪੰਜਾਬੀ ਕਾਨਫਰੰਸਾਂ' ਦਾ ਵੀ ਜ਼ਿਕਰ ਕੀਤਾ ਜਿਸ ਵਿਚ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਨੇ ਹਿੱਸਾ ਲੈ ਕੇ ਇਨ੍ਹਾਂ ਨੂੰ ਸਫ਼ਲ ਬਣਾਇਆ ਸੀ | ਇਸ ਮੌਕੇ ਮੇਜਰ ਮਾਂਗਟ, ਪ੍ਰੋ. ਆਸ਼ਕ ਰਹੀਲ, ਪ੍ਰੋ. ਮਜ਼ਹਰ ਉਲ੍ਹਾ ਕੁਰੈਸ਼ੀ, ਡਾ. ਸੁਖਦੇਵ ਸਿੰਘ ਝੰਡ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਰਾਜਕੁਮਾਰ ਓਸ਼ੋਰਾਜ, ਬਲਰਾਜ ਚੀਮਾ, ਇੰਜ: ਈਸ਼ਰ ਸਿੰਘ, ਹਰਮੀਤ ਵਿਦਿਆਰਥੀ ਅਤੇ ਗੁਰਸ਼ਰਨ ਥਿੰਦ ਵਲੋਂ ਅਹਿਮਦ ਰਜ਼ਾ ਪੰਜਾਬੀ ਨੂੰ ਸਵਾਲ ਵੀ ਪੁੱਛੇ ਗਏ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਡਾ. ਜਗਮੋਹਨ ਸਿੰਘ ਸੰਘਾ, ਤਲਵਿੰਦਰ ਸਿੰਘ ਮੰਡ, ਰਕਸ਼ਨੰਦਾ ਨਵੀਦ, ਮਲੂਕ ਸਿੰਘ ਕਾਹਲੋਂ, ਹਰਦਿਆਲ ਝੀਤਾ, ਸੁਰਿੰਦਰਜੀਤ ਕੌਰ, ਹਰਮੀਤ ਵਿਦਿਆਰਥੀ, ਜ਼ਹੀਰ ਉਲ੍ਹ ਜ਼ਹੂਰ, ਹਜ਼ਰਤ ਸ਼ਾਮ ਸੁਖਵਿੰਦਰ ਆਹੀ, ਸੋਹਣ ਸਿੰਘ ਗੈਦੂ, ਜਸਤੇਜਪਾਲ ਸਿੱਧੂ, ਇਕਬਾਲ ਬਰਾੜ, ਪਿਆਰਾ ਸਿੰਘ ਕੁੱਦੋਵਾਲ, ਬਲਰਾਜ ਚੀਮਾ, ਸੁਰਜੀਤ ਕੌਰ ਅਤੇ ਜਗਸੀਰ ਸਿੰਘ ਵੱਲੋਂ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਸਾਝ ਪਾਈ | :