ਤਰਸਿਕਾ, 5 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਲੰਮੇਂ ਅਰਸੇ ਤੋਂ ਬਾਅਦ ਨਸ਼ਿਆਂ ਤੋਂ ਅੱਤ ਦੇ ਦੁਖੀ ਪਿੰਡ ਵਾਸੀਆਂ ਨੂੰ ਅੱਜ ਉਸ ਵੇਲੇ ਕੁਝ ਰਾਹਤ ਮਿਲਦੀ ਵਿਖਾਈ ਦਿੱਤੀ, ਜਦ ਪਿੰਡ ਦੇ ਸਰਪੰਚ ਜਗਦੀਪ ਸਿੰਘ ਨੇ ਆਪਣੀ ਸਮੁੱਚੀ ਪੰਚਾਇਤ ਪਿੰਡ ਦੇ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਪੱਤੀ ਮੁਸਲਮਾਨਾਂ ਪਿੰਡ ਤਰਸਿੱਕਾ ਵਿਖੇ ਇਕ ਵਿਸ਼ਾਲ ਮੀਟਿੰਗ ਕੀਤੀ | ਜਿਸ 'ਚ ਨਸ਼ਿਆਂ ਤੋਂ ਅੱਤ ਦੇ ਦੁਖੀ ਲੋਕਾਂ ਨੇ ਦਿਲ ਖੋਲ੍ਹ ਕੇ ਆਪਣੀ ਭੜਾਸ ਕੱਢੀ ਤੇ ਨਸ਼ਾ ਤਸਕਰਾਂ ਵਿਰੁੱਧ ਲੱਕ ਬੰਨ ਕੇ ਜੂਝਣ ਦਾ ਪ੍ਰਣ ਕੀਤਾ | ਇਸ ਮੌਕੇ ਨਵੇਂ ਆਏ ਸਬ ਇੰਸ. ਮਨਜੀਤ ਸਿੰਘ ਐੱਸ. ਐੱਚ. ਓ. ਥਾਣਾ ਤਰਸਿੱਕਾ ਨੇ ਪਿੰਡ ਵਾਸੀਆਂ ਨੂੰ ਯਕੀਨ ਦਵਾਇਆ ਕਿ ਮੈਂ ਤੁਹਾਡੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਪਿੰਡ 'ਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿਆਂਗਾ ਤੇ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ | ਇਸ ਮੌਕੇ ਇੰਜ. ਬਲਰਾਜ ਸਿੰਘ ਬਲਾਕ ਪ੍ਰਧਾਨ, ਰਮੇਸ਼ ਅਫਸਰ ਚੇਅਰਮੈਨ, ਬਾਬਾ ਬਲਵੰਤ ਸਿੰਘ ਮਾਂਗਟ, ਪਿ੍ੰ: ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ, ਵਿਸ਼ਾਲ ਸ਼ਰਮਾ ਪ੍ਰੈੱਸ ਸਕੱਤਰ, ਨਿਰਵੈਰ ਸਿੰਘ ਮਾਂਗਟ, ਬਲਜੀਤ ਸਿੰਘ, ਬਲਵਿੰਦਰ ਸਿੰਘ ਫੌਜੀ, ਬਲਕਾਰ ਸਿੰਘ, ਕਰਮ ਸਿੰਘ ਤੇ ਰੋਬਨ ਹਲਕਾ ਕੋਆਰਡੀਨੇਟਰ ਆਦਿ ਹਾਜ਼ਰ ਸਨ | ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਬਾਹਾਂ ਖੜ੍ਹੀਆਂ ਕਰਕੇ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਯਕੀਨ ਦਿਵਾਇਆ |
ਪਿੰਡ ਤਰਸਿੱਕਾ ਦੀ ਪੰਚਾਇਤ ਨੇ ਨਸ਼ਾ ਤਸਕਰਾਂ ਵਿਰੁੱਧ ਖੋਲਿ੍ਹਆ ਮੋਰਚਾ <br/>
ਅਜੀਤ ਡੈਸਕ
06-04-2026