ਚੋਗਾਵਾਂ, 5 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ ਰੇਡ ਕਰਨ ਆਈ ਪੁਲਿਸ ਤੇ ਤਿੰਨ ਘਰਾਂ ਦੇ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕਰਨ ਤੇ ਇਕ ਬਜ਼ੁਰਗ ਔਰਤ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਹਨ | ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਭਿੰਦੀਸੈਦਾਂ ਦੇ ਸੁਖਦੇਵ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਦੇ ਘਰ ਸੀ. ਆਈ. ਏ. ਸਟਾਫ ਨੇ ਅਚਾਨਕ ਰੇਡ ਕੀਤੀ | ਘਰ 'ਚ ਔਰਤਾਂ ਤੇ ਬੱਚੇ ਮੌਜੂਦ ਸਨ | ਇਸੇ ਦੌਰਾਨ ਅਜੀਤ ਸਿੰਘ ਦਾ ਪੁੱਤਰ ਮਨਜੀਤ ਸਿੰਘ ਵੀ ਘਰ ਆ ਗਿਆ ਤੇ ਪੁਲਿਸ ਨੇ ਉਸ ਨੂੰ ਫੜ ਲਿਆ | ਉਸ ਨੂੰ ਬਚਾਉਣ ਲਈ ਪਰਿਵਾਰਕ ਮੈਂਬਰ ਅੱਗੇ ਹੋਏ ਤਾਂ ਪੁਲਿਸ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਪੁਲਿਸ ਨੇ ਅਜੀਤ ਸਿੰਘ ਦੇ ਘਰ ਦੇ ਨਾਲ ਬਾਊ, ਚੈਨ ਤੇ ਸਾਡੇ ਦੇ ਘਰਾਂ ਦੇ ਸਾਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ | ਔਰਤਾਂ ਦੀ ਵੀ ਕੱਟਮਾਰ ਕੀਤੀ | ਜਿਸ ਦੌਰਾਨ ਛਿੰਦੋ ਕੌਰ ਗੰਭੀਰ ਜ਼ਖ਼ਮੀ ਹੋ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਡੀ. ਵੀ. ਆਰ. ਵੀ ਨਾਲ ਲੈ ਗਈ | ਉਨ੍ਹਾਂ ਕਿਹਾ ਕਿ ਅਸੀਂ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਸਾਰਾ ਸਾਮਾਨ ਬਣਾਇਆ ਸੀ, ਜਿਸ ਦੀ ਪੁਲਿਸ ਨੇ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ | ਉਨ੍ਹਾਂ ਇਨਸਾਫ ਦੀ ਮੰਗ ਕੀਤੀ | ਇਸ ਸੰਬੰਧੀ ਥਾਣਾ ਭਿੰਡੀ ਸੈਦਾਂ ਦੇ ਮੁਖੀ ਸ਼ਸ਼ਪਾਲ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਪੁਲਿਸ ਥਾਣਿਆਂ ਵਿਚ ਮੁਕੱਦਮੇ ਦਰਜ ਹਨ | ਸੀ. ਆਈ. ਏ. ਸਟਾਫ ਵਲੋਂ ਉਕਤ ਵਿਅਕਤੀ ਨੂੰ ਗਿ੍ਫਤਾਰ ਕਰਨ ਲਈ ਰੇਡ ਕੀਤੀ ਗਈ ਪਰ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਦੇ ਔਰਤਾਂ ਨੇ ਪੁਲਿਸ ਉੱਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ 2 ਮੁਲਾਜ਼ਮ ਜ਼ਖ਼ਮੀ ਕਰ ਦਿੱਤੇ | ਇਸ ਸੰਬੰਧੀ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ |