ਚੌਂਕ ਮਹਿਤਾ, 8 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਬੀ.ਕਾਮ ਭਾਗ ਪਹਿਲਾ ਦੇ ਐਲਾਨੇ ਗਏ ਨਤੀਜੇ ਵਿਚ ਦਸਮੇਸ਼ ਕਾਲਜ ਫਾਰ ਵਿਮਨ, ਮਹਿਤਾ ਚੌਂਕ ਦੀਆਂ ਵਿਦਿਆਰਥਣਾਂ ਦਾ ਨਤੀਜਾ ਖੁਸ਼ੀਯੋਗ ਰਿਹਾ | ਸਮੂਹ ਸਟਾਫ ਅਤੇ ਮਾਪਿਆਂ ਦੁਆਰਾ ਇਸ ਸ਼ਾਨਦਾਰ ਨਤੀਜੇ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਵਿਦਿਆਰਥਣਾਂ ਦੁਆਰਾ ਭਵਿੱਖ ਵਿਚ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਿਣ ਦਾ ਪ੍ਰਣ ਕੀਤਾ | ਬੀ. ਕਾਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸੌ ਫੀਸਦੀ ਰਿਹਾ | ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਸਿਮਰਨਜੀਤ ਕੌਰ ਨੇ ਵਧੀਆ ਅੰਕ ਪ੍ਰਾਪਤ ਕਰਕੇ ਕਾਲਜ ਵਿਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਗਿਆ | ਇਸ ਤੋਂ ਇਲਾਵਾ ਬਾਕੀ ਵਿਦਿਆਰਥਣਾਂ ਵਲੋਂ ਫਸਟ ਡਵੀਜ਼ਨਾਂ ਵਿਚ ਅੰਕ ਪ੍ਰਾਪਤ ਕੀਤੇ ਗਏ | ਦਸਮੇਸ਼ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰ ਕੇ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਆਉਣ ਵਾਲੇ ਭਵਿੱਖ ਵਿਚ ਇਸੇ ਤਰ੍ਹਾਂ ਮਿਹਨਤ ਕਰਕੇ ਕਾਮਯਾਬੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ | ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕਰਦੇ ਸਮੇਂ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ, ਪਿ੍ੰਸੀ. ਗੁਰਬੀਰ ਕੌਰ, ਡਾਇਰੈਕਟਰ ਹਰਪ੍ਰੀਤ ਕੌਰ, ਕੋਆਰਡੀਨੇਟਰ ਮੈ: ਰਵਿੰਦਰ ਕੌਰ ਅਤੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ |