ਜੇਠੂਵਾਲ, 8 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਆਨੰਦ ਕਾਲਜ ਆਫ ਨਰਸਿੰਗ ਜੇਠੂਵਾਲ 'ਚ ਵਰਲਡ ਹੈਲਥ ਡੇ ਦੇ ਮੌਕੇ ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਇੱਕ ਮਹੱਤਵਪੂਰਨ ਪੈਨਲ ਚਰਚਾ ਕਰਵਾਈ ਗਈ, ਜਿਸ ਵਿਚ ਸਿਹਤ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਪੈਨਲ ਚਰਚਾ ਦੌਰਾਨ ਫਿਜ਼ੀਕਲ ਹੈਲਥ, ਮੈਂਟਲ ਹੈਲਥ, ਸੋਸ਼ਲ ਹੈਲਥ ਅਤੇ ਵੈਕਸੀਨੇਸ਼ਨ ਵਰਗੇ ਅਹਿਮ ਮੁੱਦਿਆਂ 'ਤੇ ਵਿਸਥਾਰ ਨਾਲ ਗੱਲਬਾਤ ਹੋਈ | ਪੈਨਲ ਚਰਚਾ ਵਿਚ ਵਿਦਿਆਰਥੀਆਂ ਨੂੰ ਸਿਹਤ ਦੀ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਗਈ | ਵਿਦਵਾਨਾਂ ਨੇ ਸਰੀਰਿਕ ਤੰਦਰੁਸਤੀ ਲਈ ਨਿਯਮਿਤ ਕਸਰਤ, ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਮੈਂਟਲ ਹੈਲਥ ਬਾਰੇ ਗੱਲ ਕਰਦਿਆਂ ਵਿਦਵਾਨਾਂ ਨੇ ਮਨ ਦੀ ਸ਼ਾਂਤੀ, ਤਣਾਅ ਪ੍ਰਬੰਧਨ ਅਤੇ ਸਹੀ ਸੋਚ ਦੇ ਮਹੱਤਵ ਨੂੰ ਉਜਾਗਰ ਕੀਤਾ | ਸੋਸ਼ਲ ਹੈਲਥ ਦੇ ਸੰਬੰਧ ਵਿਚ ਸਮਾਜਿਕ ਸੰਬੰਧਾਂ ਅਤੇ ਸਮਾਜ ਨਾਲ ਜੁੜੇ ਰਹਿਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ, ਵੈਕਸੀਨੇਸ਼ਨ ਦੀ ਮਹੱਤਤਾ ਅਤੇ ਬਿਮਾਰੀਆਂ ਤੋਂ ਬਚਾਅ ਵਿਚ ਇਸਦੀ ਭੂਮਿਕਾ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ 'ਤੇ ਕਾਲਜ ਦੇ ਚੇਅਰਮੈਨ ਡਾ. ਐਮ. ਐਮ. ਆਨੰਦ, ਵਾਈਸ ਚੇਅਰਮੈਨ ਡਾ. ਜੇ. ਐਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸੂਰਿਆ ਪ੍ਰਕਾਸ਼ ਆਨੰਦ, ਕੈਂਪਸ ਡਾਇਰੈਕਟਰ ਮਿਸ ਰੇਨੂ ਠਾਕੁਰ, ਪਿ੍ੰਸੀਪਲ ਰਚਨਾ ਕੁਮਾਰੀ, ਨਰਸਿੰਗ ਐਡਵਾਈਜ਼ਰ ਊਸ਼ਾ ਸਰੀਨ ਅਤੇ ਵਾਈਸ ਪਿ੍ੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਭਵਿੱਖ ਵਿਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣਾ ਸਾਡਾ ਮੁੱਖ ਟੀਚਾ ਹੈ | ਇਸ ਪ੍ਰੋਗਰਾਮ ਦਾ ਮੂਲ ਉਦੇਸ਼ ਵਿਦਿਆਰਥੀਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਸੀ | ਇਹ ਪ੍ਰੋਗਰਾਮ ਓਬੀਜੀ ਡਿਪਾਰਟਮੈਂਟ ਦੇ ਅਧਿਆਪਕਾਂ ਡਾ: ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਸ਼ਰਣ, ਪਿ੍ਯੰਕਾ, ਸਮਰੀਨ ਅਤੇ ਸੁਖਸ਼ਰਣ ਵਲੋਂ ਕਰਵਾਇਆ ਗਿਆ |