ਠੰਢੇ ਬਸਤੇ 'ਚ ਹੈ ਪਵਿੱਤਰ ਸ਼ਹਿਰ ਦੇ ਹਿੱਸੇ 'ਚੋਂ ਮੀਟ, ਤੰਬਾਕੂ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਦਾ ਅਮਲ <br/>
ਅਜੀਤ ਡੈਸਕ
18-04-2026
ਪੰਜਾਬ ਸਰਕਾਰ ਵਲੋਂ ਅੰਮਿ੍ਤਸਰ ਸਮੇਤ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ | ਅੰਮਿ੍ਤਸਰ ਸ਼ਹਿਰ ਦੀ ਪੁਰਾਣੀ ਹੱਦਬੰਦੀ ਅੰਦਰ ਦੇ ਇਲਾਕੇ ਨੂੰ ਪਵਿੱਤਰ ਸ਼ਹਿਰ ਬਣਾਇਆ ਗਿਆ ਹੈ | ਇਸ ਖੇਤਰ 'ਚੋਂ ਸ਼ਰਾਬ, ਮੀਟ, ਤੰਬਾਕੂ ਅਤੇ ਸਿਗਰੇਟਾਂ ਦੀਆਂ ਦੁਕਾਨਾਂ ਨੂੰ ਬਾਹਰ ਕੱਢਿਆ ਜਾਣਾ ਹੈ | ਇਹ ਸਾਰਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਵੱਖ-ਵੱਖ ਵਿਭਾਗਾਂ ਵਲੋਂ ਸਾਂਝੇ ਤੌਰ 'ਤੇ ਕੀਤਾ ਜਾਣਾ ਹੈ | ਜਿਨ੍ਹਾਂ 'ਚ ਨਗਰ ਨਿਗਮ, ਸਿਹਤ ਵਿਭਾਗ ਅਤੇ ਕਰ ਅਤੇ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਸ਼ਾਮਿਲ ਹਨ | ਨਗਰ ਨਿਗਮ ਵਲੋਂ ਅਸਟੇਟ ਵਿਭਾਗ ਅਤੇ ਪਸ਼ੂ ਪਾਲਣ, ਸਿਹਤ ਵਿਭਾਗ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਤੇ ਕਰ ਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਬਣਾਈਆਂ ਗਈਆਂ ਹਨ | ਬਹੁਤ ਸਮਾਂ ਪਹਿਲਾਂ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰੋਂ ਸਿਗਰੇਟਾਂ ਦੇ ਖੋਖੇ ਹਟਾਏ ਗਏ ਸਨ | ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵਲੋਂ ਪੁਰਾਣੇ ਸ਼ਹਿਰ ਵਿਚ ਚਲ ਰਹੀਆਂ ਮੀਟ, ਅੰਡਿਆਂ ਦੀਆਂ ਦੁਕਾਨਾਂ ਅਤੇ ਢਾਬੇ ਵਾਲਿਆਂ ਨੂੰ ਨੋਟਿਸ ਦਿੱਤੇ ਗਏ ਹਨ | ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਅੰਦਰ ਜਿਨ੍ਹਾਂ ਵੱਖ-ਵੱਖ ਦੁਕਾਨਾਂ 'ਚ ਤੰਬਾਕੂ ਅਤੇ ਸਿਗਰੇਟਾਂ ਵੇਚੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਨੋਟਿਸ ਕੱਢੇ ਗਏ ਹਨ | ਨਗਰ ਨਿਗਮ ਅੰਮਿ੍ਤਸਰ ਵਲੋਂ 2 ਦਸੰਬਰ 2025 ਨੂੰ ਆਪਣੇ ਵਿਭਾਗਾਂ ਨੂੰ ਪੁਰਾਣੇ ਸ਼ਹਿਰ ਅੰਦਰ ਮੌਜੂਦ ਮੀਟ, ਅੰਡਿਆਂ, ਸ਼ਰਾਬ, ਤੰਬਾਕੂ, ਸਿਗਰੇਟਾਂ ਦੀਆਂ ਦੁਕਾਨਾਂ ਦਾ ਸਰਵੇਖਣ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਅਤੇ 5 ਦਸੰਬਰ ਨੂੰ ਵਿਭਾਗਾਂ ਨੇ ਇਹ ਸਰਵੇਖਣ ਪੂਰਾ ਕਰਕੇ ਦਿੱਤਾ ਗਿਆ | ਜਿਸ ਦੌਰਾਨ ਹਾਲ ਗੇਟ ਦੇ ਅੰਦਰਵਾਰ ਮੱਛੀ ਮੰਡੀ ਦੀਆਂ ਦੁਕਾਨਾਂ ਸਮੇਤ 110 ਮੀਟ , ਅੰਡਿਆਂ, ਮੱਛੀ, ਤੰਬਾਕੂ, ਸਿਗਰੇਟਾਂ ਦੀਆਂ ਦੁਕਾਨਾਂ, ਰੇਹੜੀਆਂ ਅਤੇ ਢਾਬੇ ਸਾਹਮਣੇ ਆਏ ਅਤੇ ਇਹ ਰਿਪੋਰਟ ਨਿਗਮ ਦੇ ਅਸਟੇਟ ਅਫ਼ਸਰ ਵਲੋਂ ਦਿੱਤੀ ਗਈ | ਜਿਸ ਤੋਂ ਬਾਅਦ ਅਸਟੇਟ ਵਿਭਾਗ ਵਲੋਂ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਪੁਰਾਣੇ ਸ਼ਹਿਰ 'ਚੋਂ ਸਿਗਰੇਟਾਂ, ਪਾਨ ਅਤੇ ਤੰਬਾਕੂ ਵਾਲੇ ਖੋਖੇ ਤਾਂ ਚੁਕ ਲਏ ਗਏ | ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਜਿਨ੍ਹਾਂ ਵਲੋਂ ਨੋਟਿਸ ਕੱਢੇ ਗਏ ਹਨ, ਜਿਨ੍ਹਾਂ ਨੂੰ ਕੱਢਿਆਂ ਵੀ ਇਕ ਮਹੀਨਾ ਬੀਤਣ ਨੂੰ ਆਇਆ ਹੈ, ਪਰ ਇਸ ਤੋਂ ਬਾਅਦ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਆਈ ਅਤੇ ਹਾਲ ਦੀ ਘੜੀ ਇਹ ਕਾਰਵਾਈ ਠੰਢੇ ਬਸਤੇ ਵਿਚ ਪਈ ਹੈ |