ਜੇਠੂਵਾਲ/ਕੱਥੂਨੰਗਲ, 24 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ, ਦਲਵਿੰਦਰ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਜੋ ਹੁਣ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਸਰਕਾਰ ਵਲੋਂ ਜੋ ਲੋਕਾਂ ਨੂੰ ਸਹੂਲਤਾਂ ਦੇਣ ਬਾਰੇ ਗਾਰੰਟੀਆਂ ਦਿੱਤੀਆਂ ਸਨ ਉਹ ਪੂਰੀਆਂ ਕਰ ਵਿਖਾਈਆਂ ਪਰ ਸਰਕਾਰ ਦੇ ਇਹ ਦਾਅਵੇ ਉਸ ਵਕਤ ਖੋਖਲੇ ਸਾਬਤ ਹੋਏ ਜਦੋਂ ਕਿ 'ਆਪ' ਸਰਕਾਰ ਵਲੋਂ ਜੋ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰਕੇ ਮਹਿਲਾਵਾਂ ਨੂੰ 1500 ਤੇ 1000 ਰੁਪਏ ਦੇਣ ਬਾਰੇ ਬਿਆਨਬਾਜ਼ੀ ਕਰਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ, ਇਹ ਸਭ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਏ | ਉਕਤ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਗੱਲਬਾਤ ਦੌਰਾਨ ਕੀਤਾ | ਸ: ਸੱਚਰ ਨੇ ਕਿਹਾ ਕਿ ਜੋ ਹੁਣ ਸਰਕਾਰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਲੋਕਾਂ ਨੂੰ ਭਰਮਾਉਣ ਵਾਸਤੇ ਜੋ ਸਹੂਲਤਾਂ ਦੇਣ ਬਾਰੇ ਐਲਾਨ ਕੀਤੇ ਜਾ ਰਹੇ ਹਨ ਇਹ ਸਿਰਫ ਚੋਣ ਸਟੰਟ ਹੈ, ਪਰ ਸੂਬੇ ਦੇ ਲੋਕ ਹੁਣ ਕਦੇ ਵੀ 'ਆਪ' ਸਰਕਾਰ ਦੇ ਝਾਂਸਿਆਂ ਵਿਚ ਨਹੀਂ ਆਉਣਗੇ ਅਤੇ ਉਹ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਨਵਦੀਪ ਸਿੰਘ ਮਜੀਠਾ, ਨਵਤੇਜ ਸਿੰਘ, ਨਵਜੋਤ ਸਿੰਘ ਮਜੀਠਾ, ਸੁਖਵਿੰਦਰ ਸਿੰਘ ਰੰਧਾਵਾ, ਸੁਲੱਖਣ ਸਿੰਘ ਕੱਥੂਨੰਗਲ, ਸੰਤੋਖ ਸਿੰਘ ਹੱਟੀ ਵਾਲਾ, ਡਾਕਟਰ ਕੁਲਵਿੰਦਰ ਸਿੰਘ ਭੋਆ ਤੇ ਹੋਰ ਕਾਂਗਰਸੀ ਵਰਕਰ ਸ਼ਾਮਿਲ ਸਨ |