ਅਜਨਾਲਾ, 9 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਰਹਿਣ ਵਾਲੇ ਮੰਡੀ ਵਿਚ ਕੰਮ ਕਰਦੇ ਇਕ ਵਿਅਕਤੀ ਨੇ ਅਜਨਾਲਾ ਦੀ ਵਾਰਡ ਨੰਬਰ 1 'ਚ ਰਹਿਣ ਵਾਲੀ ਮਹਿਲਾ ਤੇ ਉਸਦੀ ਧੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ, ਜਿਸ ਸੰਬੰਧੀ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਮਾਵਾਂ ਧੀਆਂ ਖਿਲਾਫ ਮਾਮਲਾ ਦਰਜ ਕਰਕੇ ਲੜਕੀ ਦੀ ਮਾਂ ਨੂੰ ਗਿ੍ਫਤਾਰ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਪੁੱਤਰੀ ਨਿਸ਼ਾਨ ਸਿੰਘ ਵਾਸੀ ਪਿੰਡ ਦੁਧਰਾਏ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਮਾਤਾ ਦੀ ਮੌਤ ਹੋ ਜਾਣ ਤੋਂ ਬਾਅਦ ਮੇਰੇ ਪਿਤਾ ਨਿਸ਼ਾਨ ਸਿੰਘ ਦੇ ਸੁਮਨ ਪਤਨੀ ਲੇਟ ਜਨਕ ਰਾਜ ਨਾਲ ਸੰਬੰਧ ਬਣ ਗਏ ਅਤੇ ਦੋਵੇਂ ਆਪਸੀ ਸਹਿਮਤੀ ਨਾਲ ਪਤੀ ਪਤਨੀ ਵਾਂਗ ਇਕੱਠੇ ਰਹਿਣ ਲੱਗ ਪਏ | 7 ਮਈ ਨੂੰ ਮੈਨੂੰ ਆੜ੍ਹਤੀ ਨੇ ਦੱਸਿਆ ਕਿ ਤੇਰੇ ਪਿਤਾ ਨਿਸ਼ਾਨ ਸਿੰਘ ਨੂੰ ਅਜਨਾਲਾ ਥਾਣੇ 'ਚ ਫੜਿਆ ਹੈ ਤਾਂ ਜਦ ਮੈਂ ਆਪਣੇ ਪਿਤਾ ਨੂੰ ਮਿਲਣ ਲਈ ਥਾਣੇ ਆਈ ਤਾਂ ਉਸਨੇ ਮੈਨੂੰ ਦੱਸਿਆ ਕਿ ਸੁਮਨ ਮੇਰੇ ਨਾਲ ਲੜ ਕੇ ਪਿੰਡ ਰਾਜੀਆਂ ਚਲੀ ਗਈ ਸੀ ਤੇ ਜਦ ਮੈਂ ਉਸਨੂੰ ਲੈਣ ਲਈ ਗਿਆ ਤਾਂ ਉਸਨੇ ਆਪਣੀ ਲੜਕੀ ਨੇਹਾ ਤੇ ਹੋਰਨਾਂ ਵਿਅਕਤੀਆਂ ਨਾਲ ਹਮਸਲਾਹ ਹੋ ਕੇ ਮੈਨੂੰ ਬੰਨ੍ਹ ਲਿਆ ਤੇ ਮੇਰੀ ਕੁੱਟਮਾਰ ਕਰਕੇ ਮੇਰੇ ਕੋਲੋਂ 5000 ਰੁਪਏ ਵੀ ਖੋਹ ਲਏ ਹਨ ਤੇ ਮੈਨੂੰ ਥਾਣਾ ਅਜਨਾਲਾ ਵਿਚ ਫੜਾ ਦਿੱਤਾ ਹੈ ਮੈਂ ਇਨ੍ਹਾਂ ਸਾਰਿਆਂ ਹੱਥੋਂ ਬਹੁਤ ਜ਼ਿਆਦਾ ਦੁਖੀ ਹਾਂ, ਮੈਂ ਇਨ੍ਹਾਂ ਦੇ ਸਿਰ ਚੜ ਕੇ ਕੁਝ ਖਾ ਕੇ ਮਰ ਜਾਣਾ ਹੈ | ਜਿਨ੍ਹਾਂ ਤੋਂ ਦੁਖੀ ਹੋ ਕੇ ਮੇਰੇ ਪਿਤਾ ਨਿਸ਼ਾਨ ਸਿੰਘ ਨੇ 7 ਮਈ ਨੂੰ ਸ਼ਾਮ ਸਮੇਂ ਕੋਈ ਜ਼ਹਿਰੀਲੀ ਦਵਾਈ ਖਾ ਲਈ ਸੀ, ਜਿਨ੍ਹਾਂ ਨੂੰ ਤੁਰੰਤ ਇਲਾਜ਼ ਸੀ-ਜ਼ੋਨ ਹਸਪਤਾਲ ਅਜਨਾਲਾ ਦਾਖਿਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ |