ਚੋਗਾਵਾਂ, 21 ਮਈ (ਗੁਰਵਿੰਦਰ ਸਿੰਘ ਕਲਸੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਡਾ. ਅਰਜਿੰਦਰ ਸਿੰਘ ਕੋਹਾਲੀ ਨੇ ਵਿੱਤ ਸਕੱਤਰ ਡਾ: ਗੁਰਪ੍ਰਤਾਪ ਸਿੰਘ ਕੱਕੜ ਦੀ ਅਗਵਾਈ ਹੇਠ ਆਰ. ਐੱਮ. ਪੀ. ਡਾਕਟਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ | ਭਰੂਣ ਹੱਤਿਆ ਤੇ ਨਸ਼ਿਆਂ ਖ਼ਿਲਾਫ਼ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਡਾ. ਕੋਹਾਲੀ ਨੇ ਕਿਹਾ ਕਿ ਸਾਫ਼ ਸੁਥਰੀ ਪ੍ਰੈਕਟਿਸ ਕਰਨ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਯੂਨੀਅਨ ਚੱਟਾਨ ਵਾਂਗ ਖੜ੍ਹੀ ਹੈ | ਕਿਸੇ ਨੂੰ ਕੋਈ ਵੀ ਮੁਸ਼ਕਿਲ ਆਉਦੀ ਹੈ, ਤਾਂ ਉਹ 24 ਘੰਟੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕਿ ਸਰਹੱਦੀ ਪਿੰਡਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਆਰ.ਐੱਮ.ਪੀ. ਡਾਕਟਰਾਂ ਨੂੰ ਤਜਰਬੇ ਦੇ ਆਧਾਰ 'ਤੇ ਰਜਿਸਟਰ ਕੀਤਾ ਜਾਵੇ ਤੇ ਮਾਨਤਾ ਦਿੱਤੀ ਜਾਵੇ | ਉਨ੍ਹਾਂ ਨੂੰ ਕੋਈ ਵੀ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ | ਇਸ ਮੌਕੇ ਵਿੱਤ ਸਕੱਤਰ ਡਾ: ਗੁਰਪ੍ਰਤਾਪ ਸਿੰਘ ਕੱਕੜ ਨੇ ਕਿਹਾ ਕਿ ਪਿੰਡਾਂ ਵਿਚ ਕੰਮ ਕਰ ਰਹੇ ਡਾਕਟਰ ਮਾਮੂਲੀ ਖਰਚੇ 'ਤੇ ਮੱੁਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ |