ਬਾਬਾ ਬਕਾਲਾ ਸਾਹਿਬ, 23 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ, ਬਾਬਾ ਬਕਾਲਾ ਸਾਹਿਬ ਦੇ ਪੱਤਰਕਾਰਾਂ ਦਾ ਇਕ ਵਫਦ ਸਲਾਹਕਾਰ ਹਰਜੀਪ੍ਰੀਤ ਸਿੰਘ ਕੰਗ ਤੇ ਸਬ ਡਵੀਜਨ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਅਗਵਾਈ ਹੇਠ ਨਵ-ਨਿਯੁਕਤ ਡੀ. ਐੱਸ. ਪੀ. ਸੁਖਪਾਲ ਸਿੰਘ ਨੂੰ ਮਿਲਿਆ, ਜਿਸ 'ਚ ਜਿਥੇ ਹਲਕਾ ਬਾਬਾ ਬਕਾਲਾ ਸਾਹਿਬ ਅੰਦਰ ਨਿੱਤ ਆਏ ਦਿਨ ਗੋਲੀਬਾਰੀ, ਫਿਰੌਤੀ, ਲੁੱਟਾਂ ਖੋਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਵੱਧ ਰਹੀਆਂ ਘਟਨਾਵਾਂ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਉਥੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ | ਪੱਤਰਕਾਰਾਂ ਨੇ ਕਿਹਾ ਕਿ ਇਥੇ ਦੁਕਾਨਦਾਰ ਮਹਿੰਗਾਈ ਦੇ ਯੁੱਗ 'ਚ ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਜੀਆਂ ਦਾ ਪਾਲਣ ਪੌਸ਼ਣ ਕਰਦੇ ਹਨ, ਪਰ ਕੁਝ ਗਲਤ ਅਨਸਰ ਉਨ੍ਹਾਂ ਪੈਸੇ ਲੈਣ ਦੀਆਂ ਧਮਕੀਆਂ ਦਿੰਦੇ ਹਨ ਅਤੇ ਫਿਰ ਨਾ ਦੇਣ ਦੀ ਸੂਰਤ 'ਚ ਗੋਲੀਆਂ ਚਲਾ ਦਿੰਦੇ ਹਨ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਸੋ ਪੁਲਿਸ ਨੂੰ ਅਪੀਲ ਹੈ ਕਿ ਇਨ੍ਹਾਂ ਗਲਤ ਅਨਸਰਾਂ ਨੂੰ ਨਕੇਲ ਪਾਈ ਜਾਵੇ ਤਾਂ ਕਿ ਦੁਕਾਨਦਾਰ ਵੀਰ ਨਿਡਰ ਹੋ ਕੇ ਆਪਣਾ ਕਾਰੋਬਾਰ ਚਲਾ ਸਕਣ | ਇਸ ਮੌਕੇ ਫੀਲ਼ਡ ਪੱਤਰਕਾਰ ਐਸੋਸੀਏਸ਼ਨ ਵਲੋਂ ਛਾਪੀ ਗਈ ਡਾਇਰੀ ਵੀ ਭੇਟ ਡੀ. ਐਸ. ਪੀ. ਨੂੰ ਭੇਟ ਕੀਤੀ ਗਈ | ਡੀ.ਐੱਸ.ਪੀ. ਸੁਖਪਾਲ ਸਿੰਘ ਨੇ ਯਕੀਨ ਦਿਵਾਇਆ ਕਿ ਪੁਲਿਸ ਆਮ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਤੇ ਕਿਸੇ ਵੀ ਹਾਲਤ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਇਸ ਮੌਕੇ ਪੱਤਰਕਾਰ ਜਗੀਰ ਸਿੰਘ ਸਫਰੀ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਨਰਿੰਦਰ ਸਿੰਘ ਬਿਆਸ, ਬਲਵਿੰਦਰ ਸਿੰਘ ਅਠੌਲਾ, ਡਾ. ਸਰਬਜੀਤ ਸਿੰਘ ਬਿੱਲਾ, ਸੁਰਜੀਤ ਸਿੰਘ ਬੁਤਾਲਾ, ਸਕੱਤਰ ਸਿੰਘ ਪੁਰੇਵਾਲ, ਜਸਪਾਲ ਸਿੰਘ ਜੱਸਾ ਤੇ ਹੋਰ ਪੱਤਰਕਾਰ ਹਾਜ਼ਰ ਸਨ |