ਬਿਆਸ, 27 ਮਈ (ਨਰਿੰਦਰ ਸਿੰਘ)-ਬਿਆਸ ਕੋਲ ਪੈਂਦੇ ਪਿੰਡ ਗੁਰੂ ਨਾਨਕਪੁਰਾ ਵਿਖੇ ਕਬਾੜੀਏ ਦੀ ਦੁਕਾਨ 'ਚ ਬੀਤੀ ਰਾਤ ਭਿਆਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ | ਦੁਕਾਨ ਮਾਲਕ ਵਿਜੈ ਦੇ ਕਹਿਣ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਟਰਾਂਸਫਾਰਮਰ ਤੋਂ ਸ਼ਾਟ ਸਰਕਟ ਹੋਇਆ ਹੈ | ਇਸ ਭਿਆਨਕ ਅੱਗ ਲੱਗਣ ਨਾਲ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ | ਇਸ ਟਰਾਂਸਫਾਰਮਰ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਵਲੋਂ ਬਿਜਲੀ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ, ਕੋਈ ਸੁਣਵਾਈ ਨਹੀਂ ਹੋਈ | ਦੁਕਾਨ ਦੇ ਉੱਪਰ ਦੀ ਬਿਜਲੀ ਦੀਆਂ ਤਾਰਾਂ ਵੀ ਗੁਜ਼ਰਦੀਆਂ ਹਨ | ਇਨ੍ਹਾਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਹੇਠਾਂ ਕਬਾੜੀਤੇ ਦੀਆਂ ਦੁਕਾਨਾਂ ਤੇ ਕਾਫੀ ਸਮਾਨ ਸਪੰਜ ਗੱਦੀਆਂ, ਪਲਾਸਟਿਕ, ਲੋਹਾ ਅਤੇ ਡੰਪ ਹੋਈਆਂ ਪੁਰਾਣੀਆਂ ਗੱਡੀਆਂ ਖੜ੍ਹੀਆਂ ਸਨ, ਜੋ ਕਿ ਦੇਖਦਿਆਂ ਹੀ ਅੱਗ ਦੀ ਲਪੇਟ 'ਚ ਸੜ ਕੇ ਸੁਆਹ ਹੋ ਗਈਆਂ | ਅੱਗ ਨੂੰ ਕਾਫੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ | ਨੇੜੇ ਖੜੇ ਲੋਕਾਂ ਦੀ ਹਿੰਮਤ ਅਤੇ ਕਾਫੀ ਮੁਸ਼ਕੱਤ ਨਾਲ ਇਸ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਰਹੀ | ਕੁਝ ਸਮੇਂ ਬਾਅਦ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ | ਇਸ ਉਪਰੰਤ ਬਿਜਲੀ ਸਪਲਾਈ ਵੀ ਰਾਤ ਤੋਂ ਹੀ ਪ੍ਰਭਾਵਿਤ ਹੋਈ ਹੈ | ਐੱਸ. ਡੀ. ਓ. ਬਿਆਸ ਇੰਜ. ਪ੍ਰਭਜੋਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਟਰਾਂਸਫਾਰਮਰ ਸੰਬੰਧਿਤ ਡਿਊਟੀ ਦੌਰਾਨ ਕਦੇ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ | ਜੇਕਰ ਅਜਿਹੀ ਸ਼ਿਕਾਇਤ ਉਨ੍ਹਾਂ ਨੂੰ ਮਿਲਦੀ ਤਾਂ ਉਹ ਜਰੂਰ ਇਸ ਦਾ ਸਮੇਂ 'ਤੇ ਨਿਪਟਾਰਾ ਕਰ ਦਿੰਦੇ | ਉਨ੍ਹਾਂ ਦੱਸਿਆ ਕਿ ਅਕਸਰ ਹੀ ਉਹ ਖੁਦ ਮੌਕੇ 'ਤੇ ਜਾ ਕੇ ਅਜਿਹੇ ਦੁਕਾਨਦਾਰਾਂ ਨੂੰ ਇਨ੍ਹਾਂ ਜਗ੍ਹਾ ਤੋਂ ਦੂਰ ਹੋਕੇ ਕੰਮ ਕਰਨ ਦੀ ਸਲਾਹ ਦਿੰਦੇ ਰਹਿੰਦੇ ਹਨ |