ਬਿਆਸ, 12 ਜੂਨ (ਨਰਿੰਦਰ ਸਿੰਘ)-ਬੀਤੇ ਦਿਨੀਂ ਆਏ ਤੇਜ਼ ਤੂਫਾਨ, ਹਨ੍ਹੇਰੀ ਤੇ ਝੱਖੜ ਨਾਲ ਕਾਫ਼ੀ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਹੈ। ਬਿਆਸ ਸਮੇਤ ਨੇੜੇ ਦੇ ਪਿੰਡ ਬੂਲੇਨੰਗਲ, ਕੋਟ ਮਹਿਤਾਬ ਤੇ ਵਜ਼ੀਰ ਭੁੱਲਰ ਵਿਖੇ ਸੜਕਾਂ ‘ਤੇ ਵੱਡੇ-ਛੋਟੇ ਦਰੱਖਤਾਂ ਦਾ ਡਿੱਗਣ ਨਾਲ ਨੁਕਸਾਨ ਦੇਖਣ ਨੂੰ ਮਿਲਿਆ। ਪਿੰਡਾਂ ਦੀਆਂ ਲਿੰਕ ਸੜਕਾਂ, ਜੋ ਮੇਨ ਹਾਈਵੇ ਸੜਕਾਂ ਨਾਲ ਜਾ ਮਿਲਦੀਆਂ ਹਨ, ਉਨ੍ਹਾਂ ਸੜਕਾਂ ‘ਤੇ ਵੀ ਕਾਫੀ ਬਿਜਲੀ ਦੇ ਖੰਭੇ, ਤਾਰਾਂ ਖਿਲਰੇ ਪਏ ਨਜ਼ਰ ਆਏ। ਰਾਹਗੀਰਾਂ ਨੂੰ ਭਾਰੀ ਮੁਸ਼ੱਕਤ ਨਾਲ ਇਨ੍ਹਾਂ ਰਸਤਿਆਂ ‘ਚੋਂ ਗੁਜਰਨਾ ਪਿਆ। ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਨਾਲ ਠੱਪ ਰਹੀ ਅਤੇ ਖ਼ਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਨੂੰ ਮੁੜ ਤੋਂ ਬਹਾਲ ਕਰਨ ਲਈ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਨੂੰ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ, ਦਰੱਖਤਾਂ ਨਾਲ ਖੰਭੇ ਅਤੇ ਬਿਜਲੀ ਦੀਆਂ ਤਾਰਾਂ ਹੇਠਾਂ ਦੱਬੀਆਂ ਗਈਆਂ। ਕਈ ਜਗ੍ਹਾ ‘ਤੇ ਟਰਾਂਸਫਾਰਮਰ ਵੀ ਅਪਣੀ ਜਗ੍ਹਾ ਤੋਂ ਹੇਠਾਂ ਵੱਲ ਨੂੰ ਝੁਕਦੇ ਹੋਏ ਦਿਖੇ। ਇਸ ਤੇਜ਼ ਹਨ੍ਹੇਰੀ ਝੱਖੜ ਨਾਲ ਵਾਹਨਾਂ ਦੀ ਆਵਾਜਾਈ ਨੈਸ਼ਨਲ ਹਾਈਵੇ ‘ਤੇ ਪੂਰੀ ਤਰ੍ਹਾਂ ਨਾਲ ਕੁਝ ਸਮੇਂ ਲਈ ਖੜ੍ਹ ਗਈ ਸੀ। ਬਾਰਿਸ਼ ਤੋਂ ਬਚਣ ਲਈ ਰਾਹਗੀਰਾਂ ਨੇ ਪੁੱਲਾਂ ਹੇਠ ਬਣੇ ਅੰਡਰਪਾਥ ਨੂੰ ਆਪਣੀ ਰਾਖੀ ਵਜੋਂ ਵਰਤਿਆ। ਦੁਕਾਨਦਾਰਾਂ ਦੇ ਫਲੈਕਸ ਬੋਰਡ, ਸਾਈਨ ਬੋਰਡ ਵੀ ਹਵਾ ‘ਚ ਉੱਡਦੇ ਨਜ਼ਰ ਆਏ। ਰੇਲਵੇ ਸਟੇਸ਼ਨ ਬਿਆਸ ਦੇ ਟਿਕਟ ਘਰ ਅਤੇ ਪਲੇਟਫਾਰਮ ਦੀਆਂ ਸ਼ੈੱਡਾਂ ਵੀ ਹਵਾ ‘ਚ ਉੱਡ ਕੇ ਰੇਲ ਟਰੈਕ ‘ਤੇ ਜਾ ਡਿੱਗੀਆਂ, ਜੋ ਕਿ ਰੇਲਵੇ ਕਰਮਚਾਰੀਆਂ ਨੇ ਟਰੈਕ ਤੋਂ ਹਟਾ ਦਿੱਤੀਆਂ। ਬਿਆਸ ਵਿਖੇ ਖੇਡ ਗਰਾਊਂਡਾਂ ਵਿਚ ਵੀ ਦਰਖਤਾਂ ਦਾ ਕਾਫ਼ੀ ਨੁਕਸਾਨ ਦੇਖਣ ਨੁੰ ਮਿਲਿਆ, ਬਹੁਤੇ ਦਰਖਤ ਜੜ੍ਹ ਤੋਂ ਪੁੱਟੇ ਗਏ। ਆਮ ਪਿੰਡਾਂ ਦੇ ਲੋਕਾਂ ਨੂੰ ਅੱਜ ਡਿੱਗੇ ਹੋਏ ਦਰੱਖਤਾਂ ਅਤੇ ਰੁੱਖਾਂ ਨੂੰ ਘਰੇਲੂ ਬਾਲਣ ਵਜੋਂ ਲੈ ਕੇ ਜਾਂਦੇ ਹੋਏ ਦੇਖਿਆ ਗਿਆ।