ਬਾਬਾ ਬਕਾਲਾ ਸਾਹਿਬ, 24 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਕੱਲ੍ਹ ਬਾਬਾ ਬਕਾਲਾ ਸਾਹਿਬ ਉਪ ਮੰਡਲ ਅਧੀਨ ਪੈਂਦੇ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਪਿੰਡ ਤਿੱਮੋਵਾਲ ਦੇ ਨਹਿਰ ਕੰਢੇ ਦੋ ਸ਼ੂਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਸ਼ੂਟਰਾਂ ਨੂੰ ਪੁਲਿਸ ਵਲੋਂ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਕਿ ਮਾਣਯੋਗ ਅਦਾਲਤ ਵਲੋਂ ਦੋਹਾਂ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਿਲਚੀਆਂ ਦੇ ਐੱਸ. ਐੱਚ. ਓ. ਮੁਖਤਾਰ ਸਿੰਘ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਤਿੱਮੋਵਾਲ ਦੇ ਨਹਿਰ ਕੰਢੇ ਦੋ ਸ਼ੂਟਰ ਹੀਰਾ ਸਿੰਘ ਪੁੱਤਰ ਕਸ਼ਮੀਰ ਸਿੰਘ, ਵਾਸੀ ਪਿੰਡ ਧਰਦਿਓ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਤਿੱਮੋਵਾਲ (ਦੋਵੇਂ ਤਹਿਸੀਲ ਬਾਬਾ ਬਕਾਲਾ ਸਾਹਿਬ) ਜੋ ਕਿ ਮੋਟਰ ਸਾਈਕਲ ‘ਤੇ ਸਵਾਰ ਸਨ ਅਤੇ ਇਨ੍ਹਾਂ ਦੀ ਪੁਲਿਸ ਪਾਰਟੀ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ ਸੀ, ਇਨ੍ਹਾਂ ਦੋਵੇਂ ਸ਼ੂਟਰਾਂ ‘ਚੋਂ ਹੀਰਾ ਸਿੰਘ ਵਲੋਂ 30 ਬੋਰ ਨਾਲ ਚਾਰ ਫਾਇਰ ਕੀਤੇ, ਥਾਣਾ ਖਿਲਚੀਆਂ ਮੁਖੀ ਮੁਖਤਾਰ ਸਿੰਘ ਵਲੋਂ ਆਪਣੇ ਬਚਾਅ ਲਈ ਜਵਾਬੀ ਫਾਇਰ ਕੀਤਾ ਤੇ ਪੁਲਿਸ ਵਲੋਂ ਇਕ ਫਾਇਰ ਹੀਰਾ ਸਿੰਘ ਦੀ ਲੱਤ ਵਿਚ ਜਾ ਲੱਗਾ ਤੇ ਹੀਰਾ ਸਿੰਘ ਨੂੰ ਪੁਲਿਸ ਵਲੋਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਹੀਰਾ ਸਿੰਘ ਉੱਪਰ ਪਹਿਲਾਂ ਵੀ 302 ਦਾ ਪਰਚਾ ਦਰਜ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਮੌਕੇ ਤੇ ਦੋ ਪਿਸਤੌਲ ਬ੍ਰਾਮਦ ਹੋਏ ਸਨ । ਇਹ ਯੂਰਪ ਵਿਚ ਰਹਿ ਰਹੇ ਗੈਂਗਸਟਰ ਅਮਨ ਸਿੰਘ ਅਮਨਾ ਦੇ ਕਹਿਣ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਸ ਉੱਪਰ ਪਰਚੇ ਵੀ ਦਰਜ ਹਨ, ਪੁਲਿਸ ਵਲੋਂ ਟੈਕਨੀਕਲ ਸੋਰਸ ਲਾ ਕੇ ਉਨ੍ਹਾਂ ਨੂੰ ਟ੍ਰੇਸ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਨੂੰ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕੀਤਾ ਗਿਆ, ਮਾਣਯੋਗ ਅਦਾਲਤ ਨੇ ਇਨ੍ਹਾਂ ਦੋਵਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ । ਰਿਮਾਂਡ ਖ਼ਤਮ ਹੋਣ ‘ਤੇ ਮੁੜ ਇਨ੍ਹਾਂ ਨੂੰ ਇਸੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ।