ਨਵਾਂ ਪਿੰਡ, 27 ਜੂਨ (ਜਸਪਾਲ ਸਿੰਘ)-ਪੰਜਾਬ ‘ਚ ਆਈ ਤੇਜ ਹਨੇਰੀ ਦੇ 20 ਦਿਨਾਂ ਤੋਂ ਵੱਧ ਬੀਤ ਜਾਣ ‘ਤੇ ਅਜੇ ਤੱਕ ਪੰਜਾਬ ਰਾਜ ਬਿਜਲੀ ਨਿਗਮ, ਡਵੀਜਨ ਜੰਡਿਆਲਾ ਗੁਰੂ ਅਧੀਨ ਉਪ ਡਵੀਜਨਾਂ ਤੋਂ ਬਿਜਲੀ ਦੀ ਸਪਲਾਈ ਮੁਕੰਮਲ ਰੂਪ ‘ਚ ਚਾਲੂ ਨਾ ਹੋਣ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵਲੋਂ ਉਪ ਡਵੀਜਨ ਨਵਾਂ ਪਿੰਡ ‘ਚ ਸਿਖਰ ਦੁਪਿਹਰੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਰਦਿਆਂ ਸੂਬਾ ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰ ਤੇ ਭੁਪਿੰਦਰ ਸਿੰਘ ਤੀਰਥਪੁਰਾ ਪ੍ਰਧਾਨ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਨੇ ਬੋਲਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਨਵਾਂ ਪਿੰਡ ਬਿਜਲੀ ਘਰ ਤੋਂ ਟਿਊਬਵੈਲਾਂ ਨੂੰ ਬਿਜਲੀ ਸਪਲਾਈ ਸਰਕਾਰ ਦੁਆਰਾ ਐਲਾਨੀ 8 ਘੰਟੇ ਨਹੀਂ ਮਿਲ ਰਹੀ। ਜਿਸ ਕਾਰਨ ਕਿਸਾਨਾਂ ਦੀ ਫਸਲ ਖਾਸ ਕਰਕੇ ਝੋਨਾ ਸੁੱਕ ਰਿਹਾ ਹੈ। ਬਿਜਲੀ ਬੋਰਡ ਅਧਿਕਾਰੀਆਂ ਦੀ ਸਿਹਤ ‘ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ। ਕਿਸਾਨ ਆਗੂ ਤਰਸੇਮ ਸਿੰਘ ਨੰਗਲ ਤੇ ਗੁਰਮੇਜ ਸਿੰਘ ਮੱਖਣਵਿੰਡੀ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਬਿਜਲੀ ਸਪਲਾਈ ਨਾ ਮਿਲੀ ਤਾਂ ਜਥੇਬੰਦੀ ਵੱਡੇ ਪੱਧਰ ‘ਤੇ ਅਧਿਕਾਰੀਆਂ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਧਰਨੇ ‘ਚ ਪਹੁੰਚੇ ਸਭ ਡਵੀਜਨ ਨਵਾਂ ਪਿੰਡ ਅਧਿਕਾਰੀ ਨੇ ਦੱਸਿਆ ਕਿ 220 ਕੇ. ਵੀ. ਬਿਜਲੀ ਦਫ਼ਤਰ ਵਡਾਲਾ ਗ੍ਰੰਥੀਆਂ ਦੇ ਟਰਾਂਸਫਾਰਮਰ ‘ਚ ਖ਼ਰਾਬੀ ਆਉਣ ਕਾਰਨ ਇਹ ਮੁਸ਼ਕਿਲ ਆਈ ਹੈ। ਜਿਸ ਨੂੰ ਜਲਦ ਦੂਰ ਕਰਨ ਦੇ ਯਤਨ ਜਾਰੀ ਹਨ। ਇਸ ਮੌਕੇ ਜਥੇਬੰਦੀ ਆਗੂਆਂ ਐਲਾਨ ਕੀਤਾ ਕਿ ਜੇ ਕੱਲ ਤੱਕ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ ਸੋਮਵਾਰ ਨੂੰ ਹਲਕਾ ਵਿਧਾਇਕ ਤੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਅੰਮ੍ਰਿਤਸਰ ਵਿਖੇ ਰਿਹਾਇਸ਼ ਸਾਹਮਣੇ ਧਰਨਾ ਦਿੱਤਾ ਜਾਵੇਗਾ। ਅੱਜ ਦੇ ਧਰਨੇ ‘ਚ ਪਹੁੰਚੇ ਵੱਖ-ਵੱਖ ਪਿੰਡਾਂ ਦੇ ਕਿਸਾਨ ਜਥਿਆਂ ਦੀ ਅਗਵਾਈ ਸਰਬਜੀਤ ਸਿੰਘ ਸਾਬਕਾ ਸਰਪੰਚ ਜੰਡ, ਕਰਨੈਲ ਸਿੰਘ, ਜਰਨੈਲ ਸਿੰਘ ਨਵਾਂ ਪਿੰਡ, ਗੁਰਮੇਜ ਸਿੰਘ, ਮਲਕੀਅਤ ਸਿੰਘ ਮੱਖਣਵਿੰਡੀ, ਬਲਵੰਤ ਸਿੰਘ ਤੀਰਥਪੁਰਾ, ਅਵਤਾਰ ਸਿੰਘ, ਭੁਪਿੰਦਰ ਸਿੰਘ ਵਡਾਲਾ ਜੌਹਲ, ਇੱਕਬਾਲ ਸਿੰਘ, ਰਾਜੂ ਫਤਿਹਪੁਰ ਰਾਜਪੂਤਾਂ, ਧਰਮਿੰਦਰ ਸਿੰਘ, ਗੁਰਜੀਤ ਸਿੰਘ ਕਿਲਾ ਜੀਵਨ ਸਿੰਘ, ਪ੍ਰਗਟ ਸਿੰਘ ਮਿਉਕਾ, ਮਹਿਲ ਸਿੰਘ ਛਾਪਾ, ਹਰਜੀਤ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਬਲਦੇਵ ਸਿੰਘ ਨਿਜਾਮਪੁਰ, ਗੁਰਭੇਜ ਸਿੰਘ ਬੋਰਾਂਵਾਲਾ ਮਲਕਪੁਰ, ਮਨਜਿੰਦਰ ਸਿੰਘ ਬੱਬੂ, ਜਗਤਾਰ ਸਿੰਘ ਤਲਵੰਡੀ, ਤਰਸੇਮ ਸਿੰਘ ਤੇ ਜਸਵਿੰਦਰ ਸਿੰਘ ਨੰਬਰਦਾਰ ਨੰਗਲ ਦਿਆਲ ਸਿੰਘ ਆਦਿ ਵਲੋਂ ਕੀਤੀ ਗਈ।