ਬਾਬਾ ਬਕਾਲਾ ਸਾਹਿਬ, 3 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਪਿੰਡਾਂ ਤੋਂ ਤਖਤ ਅਬਚੱਲ ਨਗਰ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੰਗਤ ਦੇ ਮੁਖੀ ਸਾਬਕਾ ਚੇਅਰਮੈਨ ਮੇਜਰ ਸਿੰਘ ਕਲੇਰ ਅਤੇ ਬਾਬਾ ਜਸਬੀਰ ਸਿੰਘ ਅੱਜ ਆਪਣੇ ਸਾਥੀਆਂ ਸਮੇਤ ਪੰਜਾਬ ਵਾਪਿਸ ਪਰਤੇ ਅਤੇ ਇਸ ਦੌਰਾਨ ਹੀ ਉਨ੍ਹਾਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨਾਲ ਅਹਿਮ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਮੇਜਰ ਸਿੰਘ ਨੇ ਕਿਹਾ ਕਿ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਸੰਗਤ ਦੇ ਰੂਪ ਵਿਚ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਕਰਨ ਲਈ ਜਾਣਾ ਸੀ, ਜਿਨ੍ਹਾਂ ਦੀ ਗਿਣਤੀ 97ਵੇਂ ਸੀ, ਪਰ ਰੇਲ ਗੱਡੀ ਦੀਆਂ ਟਿਕਟਾਂ ਨਾ ਮਿਲਣ ਕਰਕੇ ਉਹ ਨਿਰਾਸ਼ਾ ਦੇ ਆਲਮ ਵਿਚ ਸਨ, ਜਿਸ ਕਰਕੇ ਉਨ੍ਹਾਂ ਸਾਬਕਾ ਵਿਦਾਇਕ ਸ: ਮਨਜੀਤ ਸਿੰਘ ਮੰਨਾ ਨੂੰ ਸੰਗਤ ਦੀ ਮਦਦ ਕਰਨ ਲਈ ਬੇਨਤੀ ਕੀਤੀ ਸੀ, ਜੋ ਉਨ੍ਹਾਂ ਵਲੋਂ ਉਸੇ ਸਮੇਂ ਸਾਨੂੰ ਭਰੋਸਾ ਦਿੱਤਾ ਕਿ ਉਹ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਮੁਸ਼ਕਿਲ ਹੱਲ ਕਰਨਗੇ । ਸ: ਕਲੇਰ ਨੇ ਦੱਸਿਆ ਕਿ ਮਨਜੀਤ ਸਿੰਘ ਮੰਨਾ ਨੇ ਸਪੈਸ਼ਲ ਦਿੱਲੀ ਜਾ ਕੇ ਸੰਗਤ ਦੀ ਮੁਸ਼ਕਿਲ ਨੂੰ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਅਤੇ ਰਵਨੀਤ ਸਿੰਘ ਬਿੱਟੂ ਵਲੋਂ ਸੰਗਤ ਦੇ ਜਾਣ ਲਈ ਰੇਲ ਨਾਲ ਸਪੈਸ਼ਲ ਡੱਬਾ ਪੰਦਰਾਂ ਜੂਨ ਨੂੰ ਅਤੇ ਆਉਣ ਵਾਲੇ ਦਿਨ 27 ਜੂਨ ਜੋੜਨ ਲਈ ਆਰਡਰ ਕਰ ਦਿੱਤੇ । ਉਨ੍ਹਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਿਸ ਪੁੱਜੀ ਸੰਗਤ ਵਲੋਂ ਉਹ ਅੱਜ ਇੱਥੇ ਪਹੁੰਚ ਕੇ ਮਨਜੀਤ ਸਿੰਘ ਮੰਨਾ ਦਾ ਧੰਨਵਾਦ ਕਰਨ ਆਏ ਹਨ । ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹ ਵੱਡੇ ਭਾਗਾਂ ਵਾਲੇ ਹਨ, ਜੋ ਸੰਗਤਾਂ ਨੇ ਉਨ੍ਹਾਂ ਨੂੰ ਇਸ ਕਾਬਲ ਸਮਝਿਆ ਅਤੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਉਨ੍ਹਾਂ ਕਿਹਾ ਕਿ ਹਲਕੇ ਦੇ ਸੰਗਤ ਦੀ ਹਰੇਕ ਮਦਦ ਕਰਨ ਲਈ ਦਿਨ ਰਾਤ ਹਾਜ਼ਰ ਹਨ। ਇਸ ਮੌਕੇ ਸੁਰਜੀਤ ਸਿੰਘ, ਸਤਨਾਮ ਸਿੰਘ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਬਾਬਾ ਜਸਬੀਰ ਸਿੰਘ, ਸੇਠੀ ਸਿੰਘ, ਸੂਬਾ ਸਿੰਘ, ਰਵੀ ਟਪਿਆਲਾ, ਪਿੰਦਰ ਦੌਲੋਨੰਗਲ ਆਦਿ ਹਾਜ਼ਰ ਸਨ ।