ਸਠਿਅਲਾ, 4 ਜੁਲਾਈ (ਜਗੀਰ ਸਿੰਘ ਸਫਰੀ)-ਪਿੰਡ ਸਠਿਅਲਾ ਤੋਂ ਗਾਜੀਵਾਲ ਨੂੰ ਜਾਂਦੀ ਸੰਪਰਕ ਸੜਕ ਦੀ ਖ਼ਸਤਾ ਹਾਲਤ ਕਾਰਨ ਇਲਾਕਾ ਵਾਸੀਆਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਆਲ ਇੰਡੀਆ ਰੰਘਰੇਟਾ ਦਲ ਦੇ ਜਰਨਲ ਸਕੱਤਰ ਪਰਮਜੀਤ ਸਿੰਘ ਸਿਤਾਰਾ ਨੇ ਪਿੰਡ ਦੇ ਲੋਕਾਂ ਨਾਲ ਦੱਸਿਆ ਕਿ ਗੁ: ਸਵਰਗਪੁਰੀ ਸਠਿਆਲਾ ਤੋਂ ਪਿੰਡ ਗਾਜੀਵਾਲ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ ਅਤੇ ਡੂੰਘੇ ਖੱਡਿਆਂ ਵਿਚ ਮੀਂਹ ਦਾ ਪਾਣੀ ਭਰਨ ਕਾਰਨ ਆਵਾਜਾਈ ਹੋਰ ਵੀ ਖ਼ਤਰਨਾਕ ਬਣ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੜਕ ਤੋਂ ਹਰ ਰੋਜ਼ ਵਿਦਿਆਰਥੀ, ਕਿਸਾਨ, ਨੌਕਰੀ ਪੇਸ਼ਾ ਲੋਕ ਅਤੇ ਹੋਰ ਰਾਹਗੀਰ ਲੰਘਦੇ ਹਨ, ਪਰ ਸੜਕ ਦੀ ਮਾੜੀ ਹਾਲਤ ਕਾਰਨ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਪਰ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਤੇ ਲੋਕ ਨਿਰਮਾਣ ਵਿਭਾਗ ਦੇ ਉਚ ਅਧਿਆਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ । ਇਸ ਮੌਕੇ ਰਘਬੀਰ ਸਿੰਘ ਫੌਜੀ, ਭਜਨ ਸਿੰਘ, ਕਸ਼ਮੀਰ ਸਿੰਘ,ਅਵਤਾਰ ਸਿੰਘ, ਬਲਦੇਵ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।