ਚੇਤਨਪੁਰਾ, 6 ਜੁਲਾਈ (ਮਹਾਂਬੀਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਔਰਤਾਂ ਅਤੇ ਆਮ ਲੋਕਾਂ ਨੂੰ 10 ਜੁਲਾਈ ਨੂੰ ਰਾਜਧਾਨੀ ਚੰਡੀਗੜ੍ਹ ਵਿਖੇ ਹੋਣ ਵਾਲੇ ਵਿਸ਼ਾਲ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਡਾ. ਪਰਵਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਅਮਰੀਕਾ ਸਮੇਤ ਵਿਕਸਿਤ ਦੇਸ਼ਾਂ ਨਾਲ ਕੀਤੇ ਜਾ ਰਹੇ ਫ੍ਰੀ ਟਰੇਡ ਸਮਝੌਤੇ ਦੇਸ਼ ਦੇ ਕਿਸਾਨਾਂ, ਖੇਤੀਬਾੜੀ ਅਤੇ ਛੋਟੇ ਉਦਯੋਗਾਂ ਲਈ ਗੰਭੀਰ ਖ਼ਤਰਾ ਹਨ । ਇਨ੍ਹਾਂ ਸਮਝੌਤਿਆਂ ਨਾਲ ਸਸਤਾ ਵਿਦੇਸ਼ੀ ਖੇਤੀ ਉਤਪਾਦ ਭਾਰਤੀ ਮੰਡੀਆਂ ਵਿਚ ਆਉਣ ਦਾ ਰਾਹ ਖੁੱਲ੍ਹੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਅਤੇ ਖੇਤੀ ਆਧਾਰਿਤ ਅਰਥਵਿਵਸਥਾ ਨੂੰ ਨੁਕਸਾਨ ਹੋਵੇਗਾ। ਜਥੇਬੰਦੀ ਨੇ ਸਰਕਾਰ ਨੂੰ ਅਜਿਹੇ ਲੋਕ ਮਾਰੂ ਸਮਝੌਤਿਆਂ ਤੋਂ ਗੁਰੇਜ਼ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੁਬਾਰਾ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਸਖ਼ਤ ਵਿਰੋਧ ਕਰਦਿਆਂ ਜਥੇਬੰਦੀ ਨੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ, ਜੇਕਰ ਆਮ ਆਦਮੀ ਪਾਰਟੀ ਨਹੀਂ ਵਾਪਸ ਲੈਂਦੀ ਤਾਂ ਇਸ ਦੇ ਸਿੱਟੇ ਭੁਗਤਣੇ ਪੈਣਗੇ। ਜਥੇਬੰਦੀ ਨੇ ਕੇਂਦਰ ਸਰਕਾਰ ਤੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ । ਨਾਲ ਹੀ ਖਾਦਾਂ ਦੀ ਕਮੀ ਦੂਰ ਕਰਕੇ ਕਿਸਾਨਾਂ ਨੂੰ ਸਮੇਂ ਸਿਰ ਲੋੜੀਂਦੀ ਮਾਤਰਾ ਵਿਚ ਖਾਦ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਝੋਨੇ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਅਤੇ ਸੰਭਾਲ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ । ਇਸ ਮੌਕੇ ਗਿਆਨ ਸਿੰਘ ਕੰਦੋਵਾਲੀ, ਨਿਰਵੈਰ ਸਿੰਘ ਪਠਾਨ ਨੰਗਲ, ਨੂਕ ਸਿੰਘ, ਅਨਮੋਲ ਸਿੰਘ ਕੰਦੋਵਾਲੀ, ਇੰਸ: ਬਲਦੇਵ ਸਿੰਘ ਮਾਛੀਨੰਗਲ, ਕਾਬਲ ਸਿੰਘ, ਜਗਤਾਰ ਸਿੰਘ ਮੱਝੂਪੁਰਾ ,ਗੁਰਭੇਜ ਸਿੰਘ, ਕੁਲਦੀਪ ਸਿੰਘ ਬੱਲ, ਪ੍ਰਤਾਪ ਸਿੰਘ ਲੁਬਾਣਾ ਆਦਿ ਹਾਜ਼ਰ ਸਨ ।
ਬੀ.ਕੇ.ਯੂ. ਉਗਰਾਹਾਂ ਵਲੋਂ ਫ੍ਰੀ ਟਰੇਡ ਸਮਝੌਤੇ ਖ਼ਿਲਾਫ਼ ਚੰਡੀਗੜ੍ਹ ਵਿਖੇ ਮੁਜ਼ਾਹਰਾ 10 ਨੂੰ
ਅਜੀਤ ਡੈਸਕ
07-07-2026