ਜੇਠੂਵਾਲ, 8 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)- ਭਾਕਿਯੂ ਏਕਤਾ ਉਗਰਾਹਾਂ ਵਲੋਂ ਫ੍ਰੀ ਟਰੇਡ ਏਕਤਾ ਸਮਝੋ ਤੇ ਇਹਨੂੰ ਰੱਦ ਕਰਾਉਣ ਲਈ 10 ਜੁਲਾਈ ਦਿਨ ਸ਼ੁੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਨੂੰ ਸਫਲ ਬਣਾਉਣ ਲਈ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਔਰਤਾਂ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਬੀਕੇਯੂ ਦੇ ਸੀਨੀਅਰ ਆਗੂ ਡਾ. ਪਰਵਿੰਦਰ ਸਿੰਘ ਪੰਡੋਰੀ ਵਲੋਂ ਪਿੰਡ ਜੇਠੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ 10 ਦੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਕਿਸਾਨਾਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਕੀਤਾ। ਡਾਕਟਰ ਪੰਡੋਰੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਅਮਰੀਕਾ ਸਮੇਤ ਵਿਕਸਿਤ ਦੇਸ਼ਾਂ ਨਾਲ ਕੀਤੇ ਜਾ ਰਹੇ ਫ੍ਰੀ ਟਰੇਡ ਸਮਝੌਤੇ ਦੇਸ਼ ਦੇ ਕਿਸਾਨਾਂ, ਖੇਤੀਬਾੜੀ ਅਤੇ ਛੋਟੇ ਉਦਯੋਗਾਂ ਲਈ ਆਉਣ ਵਾਲੇ ਸਮੇਂ ਲਈ ਗੰਭੀਰ ਖ਼ਤਰਾ ਹਨ। ਇਨ੍ਹਾਂ ਸਮਝੌਤਿਆਂ ਨਾਲ ਸਸਤਾ ਵਿਦੇਸ਼ੀ ਖੇਤੀ ਉਤਪਾਦ ਭਾਰਤੀ ਮੰਡੀਆਂ ਵਿਚ ਆਉਣ ਦਾ ਰਾਹ ਖੁੱਲ੍ਹੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਅਤੇ ਖੇਤੀ ਆਧਾਰਿਤ ਅਰਥ ਵਿਵਸਥਾ ਨੂੰ ਨੁਕਸਾਨ ਹੋਵੇਗਾ ਅਤੇ ਜਥੇਬੰਦੀ ਨੇ ਸਰਕਾਰ ਨੂੰ ਅਜਿਹੇ ਲੋਕ ਮਾਰੂ ਸਮਝੌਤਿਆਂ ਤੋਂ ਗੁਰੇਜ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੁਬਾਰਾ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਸਖ਼ਤ ਵਿਰੋਧ ਕਰਦਿਆਂ ਜਥੇਬੰਦੀ ਨੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਜੇ ਆਮ ਆਦਮੀ ਪਾਰਟੀ ਨਹੀਂ ਵਾਪਸ ਲੈਂਦੀ ਤਾਂ ਇਸਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ । ਮੀਟਿੰਗ ਵਿਚ ਕੁਲਬੀਰ ਸਿੰਘ ਜੇਠੂਵਾਲ, ਸਤਿੰਦਰ ਸਿੰਘ ਫਤਹਿਗੜ ਸ਼ੁੱਕਰਚੱਕ, ਕਿਰਸਨ ਸਿੰਘ ਔਲਖ ਪ੍ਰਧਾਨ ਬਿਜਲੀ ਮੁਲਾਜ਼ਮ ਜਥੇਬੰਦੀ, ਰਾਣਾ, ਮਨੇਸ਼, ਹਰਦੀਪ ਸਿੰਘ ਸੋਹੀ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੂਧਲ, ਸਾਹਿਬ ਸਿੰਘ ਪ੍ਰਭੂ, ਸੁਰਜੀਤ ਸਿੰਘ ਫੌਜੀ, ਲਾਲੀ ਜੇਠੂਵਾਲ, ਹਰਬੰਸ ਸਿੰਘ, ਸਮੇਤ ਵੱਡੀ ਗਿਣਤੀ ‘ਚ ਕਿਸਾਨ ਸ਼ਾਮਿਲ ਸਨ।