ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਬਸੰਤ ਪੰਚਮੀ, ਮੱਕਰ ਸੰਕ੍ਰਾਂਤੀ ਤੇ ਮਾਘੀ ਦੇ ਤਿਉਹਾਰਾਂ ਸਮੇਂ ਹੋਣ ਵਾਲੀ ਪਤੰਗਬਾਜ਼ੀ ਨੂੰ ਦੇਖਦਿਆਂ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਰੋਕਥਾਮ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪੰਜਾਬ ਭਰ ਵਿਚ ਆਪਣੇ ਖੇਤਰੀ ਦਫ਼ਤਰਾਂ ਅਧੀਨ ਪੈਂਦੇ ਲੋਕਲ ਇਲਾਕਿਆਂ 'ਚ ਸਥਾਨਕ ਪ੍ਰਸ਼ਾਸਨ ਨੂੰ ਨਾਲ ਲੈ ਕੇ ਤਲਾਸ਼ੀ ਮੁਹਿੰਮ ਵਿੱਢੀ ਹੋਈ ਹੈ ਤਾਂ ਜੋ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿੱਕਰੀ, ਵਰਤੋਂ ਨਾ ਹੋ ਸਕੇ | ਪੀਪੀਸੀਬੀ ਖੇਤਰੀ ਦਫ਼ਤਰ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਬਾਜ਼ਾਰਾਂ ਦੀਆਂ ਦੁਕਾਨਾਂ ਤੇ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਸੰਬੰਧੀ ਛਾਣਬੀਣ ਕੀਤੀ | ਅਧਿਕਾਰੀਆਂ ਨੇ ਇਸ ਸੰਬੰਧੀ ਦੁਕਾਨਦਾਰਾਂ ਤੇ ਆਮ ਜਨਤਾ ਨੂੰ ਚਾਈਨਾ ਡੋਰ ਦੀ ਵਰਤੋਂ ਨਾਲ ਹੋਣ ਵਾਲੇ ਹਾਦਸਿਆਂ ਅਤੇ ਹੋਰ ਜਾਨੀ-ਮਾਲੀ ਨੁਕਸਾਨ ਬਾਰੇ ਦੱਸ ਕੇ ਜਾਗਰੂਕ ਕੀਤਾ | ਇਸ ਦੀ ਵਰਤੋਂ ਜਾਂ ਵਿੱਕਰੀ ਸੰਬੰਧੀ ਕਾਨੂੰਨਨ ਸਜ਼ਾ ਬਾਰੇ ਜਾਣਕਾਰੀ ਦਿੱਤੀ ਅਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਸੁਨੇਹਾ ਵੀ ਦਿੱਤਾ |