ਸਮਾਣਾ, 31 ਜਨਵਰੀ (ਹਰਵਿੰਦਰ ਸਿੰਘ ਟੋਨੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਮਾਣਾ ਵਿਚ ਲੱਗੇ ਟਾਵਰ ਮੋਰਚੇ 480ਵੇਂ ਦਿਨ ਹੋਈ 'ਪਾਪ ਦਾ ਅੰਤ' ਮਹਾਂਰੈਲੀ ਵਿਚ ਪਹੁੰਚੀਆਂ ਕਿਸਾਨ ਜਥੇਬੰਦੀਆਂ ਅਤੇ ਸੰਗਤਾਂ ਨੇ ਸ਼ਹਿਰ ਦੇ ਟੀ- ਪੁਆਇੰਟ 'ਤੇ ਸੰਕੇਤਕ ਧਰਨਾ ਦਿੱਤਾ | ਮੋਰਚੇ ਦੇ ਸੰਚਾਲਕ ਗੁਰਪ੍ਰੀਤ ਸਿੰਘ ਅੱਠੇ ਪਹਿਰ ਟਹਿਲ ਸੇਵਾ ਨੇ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ, ਭਾਰਤੀ ਕਿਸਾਨ ਯੂਨੀਅਨ ਫਤਿਹ, ਮੋਰਚਾ ਪ੍ਰਬੰਧਕਾਂ, ਹਾਜ਼ਰ ਸੰਗਤਾਂ ਨੇ 480 ਦਿਨਾਂ ਤੋਂ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ 'ਤੇ ਭਾਈ ਗੁਰਜੀਤ ਸਿੰਘ ਦੀ ਇੱਛਾ ਅਨੁਸਾਰ 2 ਘੰਟੇ ਟੀ ਪੁਆਇੰਟ ਤੇ ਧਰਨਾ ਦਿੱਤਾ | ਇਸ ਤੋਂ ਪਹਿਲਾਂ ਮੋਰਚਾ ਪਾਰਕ ਵਿਚ ਹੋਈ ਰੈਲੀ ਵਿਚ ਬੁਲਾਰਿਆਂ ਤਲਵਿੰਦਰ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ, ਭਾਈ ਜਸਵਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਦਾ ਕਾਨੂੰਨ ਬਣਾਉਣ ਵਿਚ ਕੀਤੀ ਜਾ ਰਹੀ ਦੇਰੀ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ | ਸਟੇਜ ਦੀ ਕਾਰਵਾਈ ਸੰਭਾਲ ਰਹੇ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਸੜਕ ਜਾਮ ਕਰਨ ਦਾ ਐਲਾਨ ਕੀਤਾ ਤਾਂ ਸਾਰੀਆਂ ਸੰਗਤਾਂ ਜੈਕਾਰੇ ਲਗਾਉਂਦੀਆਂ ਧਰਨਾ ਲਾਉਣ ਲਈ ਚੱਲ ਪਈਆਂ | ਇਸ ਦੌਰਾਨ ਕਿਸਾਨ ਯੂਨੀਅਨਾਂ ਦੇ ਕੌਮੀ ਆਗੂ ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਨਿਆਲ, ਅਮਿਤੋਜ ਸਿੰਘ ਮਾਨ, ਬਲਜਿੰਦਰ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ ਤੇਈਪੁਰ, ਭਾਈ ਗੁਰਪ੍ਰੀਤ ਸਿੰਘ ਅਤੇ ਹੋਰ ਆਗੂਆਂ ਨੇ ਵੱਖਰੀ ਇਕੱਤਰਤਾ ਚ ਫ਼ੈਸਲਾ ਲਿਆ ਕਿ 7 ਫਰਵਰੀ ਨੂੰ ਸਾਰੀਆਂ ਪੰਜਾਬ ਪ੍ਰਸਤ ਜਥੇਬੰਦੀਆਂ ਦੀ ਮੀਟਿੰਗ ਮੋਰਚਾ ਪਾਰਕ ਵਿੱਚ ਹੋਵੇਗੀ ਜਿਸ ਵਿਚ ਅਗਲੇ ਸੰਘਰਸ਼ ਦੀ ਰੂਪਰੇਖਾ ਅਤੇ ਤਾਰੀਖ਼ ਦਾ ਐਲਾਨ ਕੀਤਾ ਜਾਏਗਾ, ਜੋ ਕਿ ਆਰ ਪਾਰ ਦਾ ਮੋਰਚਾ ਹੋਵੇਗਾ | ਇਸ ਮੌਕੇ ਕੌਮੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ, ਬਾਬਾ ਅਮਰਜੀਤ ਸਿੰਘ ਮਰਿਆਦਾ, ਸੰਦੀਪ ਸਿੰਘ ਸੰਨੀ ਦੇ ਭਰਾਤਾ ਭਾਈ ਮਨਦੀਪ ਸਿੰਘ, ਦੀਪ ਸਿੱਧੂ ਦੇ ਭਰਾਤਾ ਮਨਦੀਪ ਸਿੰਘ ਸਿੱਧੂ, ਪੰਜਾਬ ਦਾ ਜੁਝਾਰੂ ਚਿਹਰਾ ਭਾਨਾ ਸਿੱਧੂ, ਹਰਿਆਣਾ ਦੇ ਜੁਝਾਰੂ ਭਾਈ ਜੈ ਸਿੰਘ, ਸੀਨੀਅਰ ਪੱਤਰਕਾਰ ਜਗਦੀਪ ਸਿੰਘ ਥਲੀ, ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਾਤਾ ਪਰਮਜੀਤ ਕੌਰ, ਭਾਈ ਰਣਜੀਤ ਸਿੰਘ, ਰਾਮ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਗਿੰਨੀ, ਰਮੀ ਸਹਿਗਲ, ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਜੱਸਾ ਸਿੰਘ ਨਿਹੰਗ, ਭਾਈ ਸਾਹਿਬ ਸਿੰਘ, ਭਾਈ ਹਰਿੰਦਰ ਸਿੰਘ ਚੇਅਰਮੈਨ, ਭਾਈ ਸੁਖਜਿੰਦਰ ਸਿੰਘ, ਭਾਈ ਬਲਕਾਰ ਸਿੰਘ, ਰਾਮ ਕੁਮਾਰ ਰਾਣਾ ਸਮੇਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |
480ਵੇਂ ਦਿਨ ਟਾਵਰ ਮੋਰਚੇ ਦੀ ਮਹਾਂ ਰੈਲੀ 'ਤੇ ਪਹੁੰਚੀਆਂ ਜਥੇਬੰਦੀਆਂ ਵਲੋਂ ਸੜਕ 'ਤੇ ਧਰਨਾ
ਅਜੀਤ ਡੈਸਕ
01-02-2026