ਸਨੌਰ, 2 ਫਰਵਰੀ (ਮੋਹਣ ਸਿੰਘ ਭੱਟੀ)-ਸਥਾਨਕ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਵਿਖੇ ਭਾਰਤ ਦਾ ਗਣਤੰਤਰ ਦਿਵਸ ਬੜੀ ਹੀ ਧੂਮਧਾਮ ਅਤੇ ਰਾਸ਼ਟਰੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ | ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਸ਼ਾਨਦਾਰ ਮਾਰਚ ਪਾਸਟ ਅਤੇ ਰਾਸ਼ਟਰੀ ਗੀਤ ਨਾਲ ਹੋਈ, ਜਿਸ ਨੇ ਪੂਰੇ ਸਕੂਲ ਕੈਂਪਸ ਨੂੰ ਦੇਸ਼ ਭਗਤੀ ਦੇ ਰੰਗ 'ਚ ਰੰਗ ਦਿੱਤਾ | ਸਮਾਗਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਸਕੂਲ ਪ੍ਰਬੰਧਕ ਬਲਦੀਸ਼ ਕੌਰ ਵਲੋਂ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ 'ਚ ਅਦਾ ਕੀਤੀ ਗਈ | ਤਿਰੰਗਾ ਲਹਿਰਾਉਣ ਉਪਰੰਤ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ, ਕਵਿਤਾਵਾਂ ਅਤੇ ਕੋਰੀਓਗ੍ਰਾਫੀ ਰਾਹੀਂ ਖੂਬ ਸਮਾਂ ਬੰਨਿ੍ਹਆ | ਵਿਦਿਆਰਥੀਆਂ ਨੇ ਇਸ ਮੌਕੇ ਪ੍ਰਣ ਲਿਆ ਕਿ ਉਹ ਦੇਸ਼ ਦੀ ਤਰੱਕੀ ਲਈ ਜੀਵਨ ਨੂੰ ਪ੍ਰੇਰਿਤ ਕਰਨ ਵਾਲੀਆਂ ਗਤੀਵਿਧੀਆਂ 'ਚ ਹਮੇਸ਼ਾ ਵੱਧ-ਚੜ੍ਹ ਕੇ ਭਾਗ ਲੈਣਗੇ | ਪ੍ਰੋਗਰਾਮ ਦੇ ਅੰਤ 'ਚ ਸਕੂਲ ਪ੍ਰਬੰਧਕ ਬਲਦੀਸ਼ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਵਰਗ ਦੇਸ਼ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਦੀਆਂ ਚੁਨੌਤੀਆਂ, ਜ਼ਿੰਮੇਵਾਰੀਆਂ ਅਤੇ ਆਪਣੇ ਕਰਤੱਵਾਂ ਪ੍ਰਤੀ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |