ਰਾਜਪੁਰਾ, 20 ਫਰਵਰੀ (ਜੀ.ਪੀ. ਸਿੰਘ)-ਰਾਜਪੁਰਾ-ਚੰਡੀਗੜ੍ਹ ਮਾਰਗ 'ਤੇ ਇਕ ਟਰੈਕਟਰ ਚਾਲਕ ਵਲੋਂ ਸੜਕ ਕਿਨਾਰੇ ਖੜ੍ਹੇ ਵਿਅਕਤੀ 'ਚ ਟੱਕਰ ਮਾਰ ਦੇਣ ਨਾਲ ਵਿਅਕਤੀ ਦੀ ਮੌਤ ਹੋ ਗਈ | ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਹਰਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਝੰਡਾ ਖ਼ੁਰਦ ਜ਼ਿਲ੍ਹਾ ਮਾਨਸਾ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨ ਸ਼ਾਮ 4 ਵਜੇ ਦੇ ਕਰੀਬ ਉਹ ਆਪਣੇ ਪਿੰਡ ਦੇ ਹੀ ਵਿਅਕਤੀ ਚਰਨਜੀਤ ਸਿੰਘ ਪੁੱਤਰ ਨੱਥੂ ਰਾਮ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਚੰਡੀਗੜ੍ਹ ਜਾ ਰਹੇ ਸਨ | ਜਦੋਂ ਉਹ ਪਿੰਡ ਆਲਮਪੁਰ ਨੇੜੇ ਪਹੁੰਚੇ ਤਾਂ ਉਸ ਨੇ ਮੋਟਰਸਾਈਕਲ ਅਤੇ ਚਰਨਜੀਤ ਸਿੰਘ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਖਦਾਨਾਂ 'ਚ ਪਿਸ਼ਾਬ ਕਰਨ ਲਈ ਗਿਆ ਤਾਂ ਇਸ ਦੌਰਾਨ ਇਕ ਟ੍ਰੈਕਟਰ-ਟਰਾਲੀ ਦੇ ਚਾਲਕ ਨੇ ਤੇਜ ਰਫ਼ਤਾਰ ਅਤੇ ਲਾਪਰਵਾਹੀ ਨਾਲ ਟਰੈਕਟਰ ਚਲਾਉਂਦਿਆਂ ਚਰਨਜੀਤ ਸਿੰਘ ਵਿਚ ਟੱਕਰ ਮਾਰ ਦਿੱਤੀ ਤੇ ਮੋਕੇ ਤੋਂ ਫਰਾਰ ਹੋ ਗਿਆ | ਜਿਸ ਕਾਰਨ ਚਰਨਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਸਦਰ ਦੀ ਪੁਲਿਸ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |