ਸਮਾਣਾ, 11 ਮਾਰਚ (ਸਾਹਿਬ ਸਿੰਘ)- ਸਮਾਣਾ ਹਲਕੇ 'ਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਵਿਧਾਇਕ ਸਰਦਾਰ ਚੇਤਨ ਸਿੰਘ ਜੌੜਾਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਨੇ ਵਿਧਾਇਕ ਦੀ ਮਿਹਨਤ ਅਤੇ ਸਮਰਪਣ ਦੇ ਸਦਕੇ ਹਲਕੇ ਦੇ ਪਿੰਡ ਕਲਿਆਣ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਨੂੰ ਹਰਿਆਲੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਵਾਹਿਗੁਰੂ ਦੇ ਦਰਸ਼ਨਾਂ ਲਈ ਯਾਤਰਾ ਵਿਚ ਸ਼ਾਮਲ ਹੋਏ | ਮਿੰਟੂ ਨੇ ਆਖਿਆ ਕਿ ਇਹ ਯੋਜਨਾ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯਾਤਰਾ ਸੰਗਤਾਂ ਲਈ ਬਹੁਤ ਖੁਸ਼ੀ ਅਤੇ ਅਧਿਆਤਮਿਕ ਤਾਕਤ ਪ੍ਰਦਾਨ ਕਰੇਗੀ | ਸੰਗਤਾਂ ਨੇ ਵੀ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਇਸ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਇਸ ਮੌਕੇ 'ਤੇ ਹਾਜ਼ਰ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਨੇ ਆਖਿਆ ਕਿ ਯਾਤਰਾ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਵਾਲੀਆਂ ਨੀਤੀਆਂ ਦੀ ਇਕ ਸ਼ਾਨਦਾਰ ਉਦਾਹਰਨ ਹੈ, ਜੋ ਧਾਰਮਿਕ ਭਾਵਨਾਵਾਂ ਨੂੰ ਸਤਿਕਾਰ ਦਿੰਦੀ ਹੈ ਅਤੇ ਲੋਕਾਂ ਨੂੰ ਜੋੜਦੀ ਹੈ |