ਸਮਾਣਾ, 3 ਅਪ੍ਰੈਲ (ਸਾਹਿਬ ਸਿੰਘ)-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਲਾਲ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਪ੍ਰਗਟ ਸਿੰਘ ਅਤੇ ਸਾਬਕਾ ਵਿਧਾਇਕ ਸਮਾਣਾ ਜਥੇਦਾਰ ਜਗਤਾਰ ਸਿੰਘ ਰਾਜਲਾ ਨੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਬੀਬੀ ਰਵਿੰਦਰ ਕੌਰ ਸਣੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਸਵ. ਲਾਲ ਸਿੰਘ ਦੇ ਪੁੱਤਰ ਤੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਦਾ 28 ਮਾਰਚ ਜਿਸ ਦਿਨ ਸਾਬਕਾ ਵਿੱਤ ਮੰਤਰੀ ਅਕਾਲ ਚਲਾਣਾ ਕਰ ਗਏ ਸਨ, ਤੋਂ ਤਾਂਤਾ ਲੱਗਿਆ ਹੋਇਆ ਹੈ | ਲਾਲ ਸਿੰਘ ਪੰਜਾਬ ਕਾਂਗਰਸ ਵਿਚ 'ਭੀਸ਼ਮ ਪਿਤਾਮਾ' ਵਜੋਂ ਮਸ਼ਹੂਰ ਸਨ ਅਤੇ ਛੇ ਵਾਰ ਵਿਧਾਇਕ ਰਹਿ ਚੁੱਕੇ ਸਨ | ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ, ਅਮਰਜੀਤ ਸਿੰਘ ਪੰਜਰਥ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਘਨੌਰ ਦੇ ਵਿਧਾਇਕ ਗੁਰਲਾਲ ਸਿੰਘ, ਨਾਭਾ ਦੇ ਵਿਧਾਇਕ ਦੇਵ ਮਾਨ, ਭਾਜਪਾ ਆਗੂ ਭਰਤ ਇੰਦਰ ਚਹਿਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸੀਨੀਅਰ ਕਾਂਗਰਸ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਹੋਰ ਕਈ ਆਗੂਆਂ ਤੇ ਅਧਿਕਾਰੀਆਂ ਨੇ ਲਾਲ ਸਿੰਘ ਨੂੰ ਇਕ ਉੱਚੀ ਸੋਚ ਵਾਲੇ ਨੇਤਾ ਵਜੋਂ ਯਾਦ ਕੀਤਾ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਵਿੱਤ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਵੀ ਡਿਊਟੀ ਨਿਭਾਈ | ਉਨ੍ਹਾਂ ਨੂੰ ਪੰਜਾਬੀ ਸਿਆਸਤ ਦਾ ਇਕ ਅਜਿਹਾ ਖੰਭਾ ਦੱਸਿਆ ਜਿਸ ਦਾ ਘਾਟਾ ਪੂਰਾ ਨਹੀਂ ਹੋ ਸਕਦਾ |