ਸਮਾਣਾ, 3 ਅਪ੍ਰੈਲ (ਸਾਹਿਬ ਸਿੰਘ)-ਸਿੱਖ ਕੌਮ ਵਿਚ ਇਸ ਮੁੱਦੇ 'ਤੇ ਪਹਿਲ ਕਰਦਿਆਂ ਲੋਕ ਸਭਾ ਦੇ ਸਾਬਕਾ ਮੈਂਬਰ ਭਾਈ ਅਤਿੰਦਰਪਾਲ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਵਿਧਾਨ ਸਭਾ ਵਿਖੇ ਜਾਗਤ ਜੋਤਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਐਕਟ ਦੀਆਂ ਗੁਰਮੁਖੀ ਤੇ ਅੰਗਰੇਜ਼ੀ ਵਿਚ ਤਿਆਰ ਕੀਤੀਆਂ ਸੋਧੀਆਂ ਹੋਈਆਂ ਕਾਪੀਆਂ ਸੌਂਪੀਆਂ | ਵਫ਼ਦ ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲ ਕੇ ਐਕਟ ਦੀਆਂ ਕਾਪੀਆਂ ਸੌਂਪੀਆਂ | ਲਗਪਗ ਅੱਧਾ ਘੰਟਾ ਚੱਲੀ ਇਸ ਮੀਟਿੰਗ ਵਿਚ ਸੁਹਿਰਦ ਮਾਹੌਲ ਵਿਚ ਐਕਟ ਬਾਰੇ ਚਰਚਾ ਹੋਈ | ਜਥੇਦਾਰ ਸਾਹਿਬ ਨੇ ਇਸ ਮੁੱਦੇ 'ਤੇ ਜਲਦੀ ਹੀ ਵਿਦਵਾਨਾਂ ਅਤੇ ਵਕੀਲਾਂ ਦੀ ਇਕ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ | ਭਾਈ ਅਤਿੰਦਰ ਪਾਲ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਐਕਟ ਭੇਜਣ ਦੀ ਮੰਗ ਤੇ ਜਥੇਦਾਰ ਜੀ ਨੇ ਭਰੋਸਾ ਦਿੱਤਾ ਕਿ 6 ਅਪ੍ਰੈਲ ਨੂੰ ਐੱਸ. ਜੀ. ਪੀ. ਸੀ. ਵਲੋਂ ਬੁਲਾਈ ਗਈ ਮੀਟਿੰਗ ਵਿਚ ਉਹ ਇਸ ਨੂੰ ਕਮੇਟੀ ਅੱਗੇ ਰੱਖਣਗੇ | ਇਸ ਤੋਂ ਬਾਅਦ ਵਫ਼ਦ ਪੰਜਾਬ ਵਿਧਾਨ ਸਭਾ ਪਹੁੰਚਿਆ ਅਤੇ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਣਾ ਜੀ ਨੂੰ ਮਿਲਿਆ | ਉਨ੍ਹਾਂ ਨੂੰ ਵਿਧਾਨ ਸਭਾ ਲਈ, ਸਪੀਕਰ ਲਈ ਤੇ ਮੁੱਖ ਮੰਤਰੀ ਲਈ ਇਕ-ਇਕ ਕਾਪੀ ਗੁਰਮੁਖੀ ਤੇ ਅੰਗਰੇਜ਼ੀ ਵਿਚ ਸੌਂਪੀ ਗਈ | ਇਸ ਐਕਟ ਨੂੰ ਸਿੱਖ ਧਰਮ ਗ੍ਰੰਥਾਂ ਦੇ ਸਤਿਕਾਰ ਅਤੇ ਬੇਅਦਬੀ ਰੋਕਣ ਲਈ ਹੋਰ ਸਖ਼ਤ ਬਣਾਉਣ ਦੀ ਦਿਸ਼ਾ ਵਿਚ ਤਿਆਰ ਕੀਤਾ ਗਿਆ ਹੈ | ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਵੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਐੱਸ.ਜੀ.ਪੀ.ਸੀ. ਵਲੋਂ 6 ਅਪ੍ਰੈਲ ਨੂੰ ਸਿੱਖ ਸੰਸਥਾਵਾਂ ਦੀ ਮੀਟਿੰਗ ਬੁਲਾਈ ਗਈ ਹੈ | ਭਾਈ ਅਤਿੰਦਰ ਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਇਕ ਮਜ਼ਬੂਤ ਅਤੇ ਸਪੱਸ਼ਟ ਐਕਟ ਚਾਹੁੰਦੀ ਹੈ ਤਾਂ ਜੋ ਬੇਅਦਬੀ ਵਰਗੀਆਂ ਘਟਨਾਵਾਂ ਤੋਂ ਰੋਕਥਾਮ ਹੋ ਸਕੇ | ਇਸ ਵਫ਼ਦ ਵਿਚ ਹੋਰ ਸਿੱਖ ਆਗੂ ਵੀ ਸ਼ਾਮਲ ਸਨ | ਇਸ ਕਦਮ ਨੂੰ ਸਿੱਖ ਭਾਈਚਾਰੇ ਵਿਚ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ |