ਭੁੱਨਰਹੇੜੀ, 25 ਅਪ੍ਰੈਲ (ਧਨਵੰਤ ਸਿੰਘ)-ਕਦੇ ਮੁਨਾਫ਼ੇ ਵਾਲਾ ਮੰਨਿਆ ਜਾਣ ਵਾਲਾ ਪ੍ਰਾਈਵੇਟ ਬੱਸ ਟਰਾਂਸਪੋਰਟ ਦਾ ਕਾਰੋਬਾਰ ਅੱਜ ਗੰਭੀਰ ਸੰਕਟ 'ਚੋਂ ਗੁਜ਼ਰ ਰਿਹਾ ਹੈ | ਕੋਰੋਨਾ ਮਹਾਂਮਾਰੀ ਦੇ ਬਾਅਦ ਇਸ ਧੰਦੇ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਸੀ | ਸਰਕਾਰ ਵਲੋਂ ਔਰਤਾਂ ਨੂੰ ਆਧਾਰ ਕਾਰਡ ਰਾਹੀਂ ਸਫਰ ਮੁਫਤ ਕਰਨ ਦੀ ਸਹੂਲਤ ਦੇ ਦਿੱਤੀ, ਨਵੀਆਂ ਨੀਤੀਆਂ ਕਾਰਨ ਔਰਤਾਂ ਨੇ ਪੀ.ਆਰ.ਟੀ. ਸੀ. ਬੱਸ ਰਾਹੀਂ ਸਫਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਨਿੱਜੀ ਟਰਾਂਸਪੋਰਟ ਲਈ ਘਟਦੀਆਂ ਸਵਾਰੀਆਂ ਨੇ ਇਸ ਨੂੰ ਹੋਰ ਪਿੱਛੇ ਧੱਕ ਦਿੱਤਾ ਹੈ | ਇਸ ਕਾਰੋਬਾਰ ਨਾਲ ਜੁੜੇ ਕਈ ਪਰਿਵਾਰ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ | ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ਨੇ ਪਹਿਲਾਂ ਹੀ ਟਰਾਂਸਪੋਰਟ ਸੈਕਟਰ ਦੀ ਕਮਰ ਤੋੜ ਦਿੱਤੀ ਸੀ | ਹਾਲਾਂਕਿ ਹੋਰ ਕਾਰੋਬਾਰ ਹੌਲੀ-ਹੌਲੀ ਪਟੜੀ 'ਤੇ ਆ ਰਹੇ ਸਨ, ਪਰ ਨਿੱਜੀ ਬੱਸ ਟਰਾਂਸਪੋਰਟ ਅਜੇ ਵੀ ਸੰਭਲ ਨਹੀਂ ਸਕਿਆ | ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਲੱਗ ਰਿਹਾ ਹੈ | ਨਿੱਜੀ ਬੱਸਾਂ ਨੂੰ ਪੂਰੀਆਂ ਸਵਾਰੀਆਂ ਨਾ ਮਿਲਣ ਕਾਰਨ ਮਾਲਕਾਂ ਲਈ ਖਰਚੇ ਕੱਢਣ ਵੀ ਔਖੇ ਹੋ ਗਏ ਹਨ | ਇਸ ਕਾਰਨ ਕਈ ਬੱਸਾਂ ਸੜਕਾਂ ਤੋਂ ਗਾਇਬ ਹੋ ਰਹੀਆਂ ਹਨ ਅਤੇ ਕਈ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਨੇ ਆਪਣੇ ਨਿਯਮਤ ਚੱਕਰ ਲਗਾਉਣੇ ਬੰਦ ਕਰ ਦਿੱਤੇ ਹਨ | ਨਤੀਜੇ ਵਜੋਂ ਇਸ ਧੰਦੇ ਨਾਲ ਜੁੜੇ ਡਰਾਈਵਰ, ਕੰਡਕਟਰ ਅਤੇ ਹੋਰ ਕਰਮਚਾਰੀ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਨ | ਦੂਜੇ ਪਾਸੇ, ਨਿੱਜੀ ਬੱਸਾਂ ਦੀ ਗਿਣਤੀ ਘੱਟਣ ਕਾਰਨ ਆਮ ਲੋਕਾਂ ਨੂੰ ਵੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰੀ ਬੱਸਾਂ ਵਿਚ ਭੀੜ ਵਧ ਗਈ ਹੈ ਅਤੇ ਅਕਸਰ 52 ਸਵਾਰੀਆਂ ਦੀ ਸਮਰੱਥਾ ਵਾਲੀ ਬੱਸ ਵਿੱਚ 70-80 ਤੱਕ ਸਵਾਰੀਆਂ ਸਫ਼ਰ ਕਰਦੀਆਂ ਦੇਖੀਆਂ ਜਾ ਰਹੀਆਂ ਹਨ | ਇਸ ਕਾਰਨ ਬਜ਼ੁਰਗਾਂ, ਅੰਗਹੀਣ ਵਿਅਕਤੀਆਂ ਅਤੇ ਬਿਮਾਰ ਲੋਕਾਂ ਲਈ ਸਫ਼ਰ ਕਰਨਾ ਬਹੁਤ ਔਖਾ ਹੋ ਗਿਆ ਹੈ | ਯਾਤਰੀਆਂ ਦਾ ਕਹਿਣਾ ਹੈ ਕਿ ਭੀੜ ਕਾਰਨ ਨਾ ਤਾਂ ਢੰਗ ਨਾਲ ਖੜਿ੍ਹਆ ਜਾਂਦਾ ਹੈ ਅਤੇ ਨਾ ਹੀ ਬੈਠਣ ਲਈ ਸੀਟ ਮਿਲਦੀ ਹੈ | ਇਸ ਨਾਲ ਹਾਦਸਿਆਂ ਦਾ ਖਤਰਾ ਵੀ ਵਧ ਰਿਹਾ ਹੈ | ਟਰਾਂਸਪੋਰਟਰਾਂ ਅਤੇ ਆਮ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਜਲਦ ਹੱਲ ਕੱਢਿਆ ਜਾਵੇ | ਨਿੱਜੀ ਟਰਾਂਸਪੋਰਟ ਨੂੰ ਬਚਾਉਣ ਲਈ ਢੁਕਵੀਆਂ ਨੀਤੀਆਂ ਬਣਾਈਆਂ ਜਾਣ ਅਤੇ ਯਾਤਰੀਆਂ ਲਈ ਵੀ ਸੁਵਿਧਾਜਨਕ ਸਫ਼ਰ ਯਕੀਨੀ ਬਣਾਇਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਹ ਸੰਕਟ ਹੋਰ ਗੰਭੀਰ ਰੂਪ ਧਾਰ ਸਕਦਾ ਹੈ¢