ਰਾਜਪੁਰਾ, 15 ਮਈ (ਜੀ.ਪੀ. ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਬਲਾਕ ਰਾਜਪੁਰਾ ਦੇ ਪ੍ਰਧਾਨ ਗੁਰਧਿਆਨ ਸਿੰਘ ਨੈਣਾ ਦੇ ਮੁੱਖ ਮੰਤਰੀ ਪੰਜਾਬ ਦੀ ਪਟਿਆਲਾ ਫੇਰੀ ਦੇ ਦੌਰਾਨ ਕੀਤੇ ਜਾ ਰਹੇ ਵਿਰੋਧ ਸਮੇਂ ਪੰਜਾਬ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਜੇਲ੍ਹ ਭੇਜੇ ਜਾਣ ਤੋਂ ਬਾਅਦ ਰਿਹਾ ਹੋ ਕੇ ਘਰ ਆਉਣ 'ਤੇ ਜਥੇਬੰਦੀ ਦੇ ਸੀਨੀਅਰ ਆਗੂਆਂ ਵਲੋਂ ਘਰ ਜਾ ਕੇ ਸਨਮਾਨ ਕੀਤਾ ਗਿਆ ਅਤੇ ਇਸ ਮੋਕੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸੂਬਾਈ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬੂਟਾ ਸਿੰਘ ਖ਼ਰਾਜਪੁਰ ਨੇ ਦੱਸਿਆ ਕਿ 9 ਮਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਦੋਂ ਧੰਨਵਾਦੀ ਦੌਰੇ ਦੌਰਾਨ ਪਟਿਆਲਾ ਪੁੱਜੇ ਸਨ ਤਾਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਨੂੰ ਸ਼ੰਭੂ ਮੋਰਚੇ ਸੰਬੰਧੀ ਪ੍ਰਸ਼ਨ ਪੁੱਛੇ ਜਾਣੇ ਸਨ | ਜਿਸ ਵਿਚ ਉਨ੍ਹਾਂ ਵਲੋਂ 19 ਮਾਰਚ 2025 ਨੂੰ ਸ਼ੰਭੂ ਬਾਰਡਰ ਉੱਤੇ ਜੋ ਕਿਸਾਨਾਂ ਨੂੰ ਪੁਲਿਸ ਵਲੋਂ ਕੁੱਟਿਆ ਗਿਆ ਅਤੇ ਉਨ੍ਹਾਂ ਦਾ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿਚ ਟਰਾਲੀਆਂ ਸਣੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ ਸੀ ਤੇ ਮੋਰਚੇ ਦੌਰਾਨ ਕਿਸਾਨਾਂ ਦੇ ਜੋ 3 ਕਰੋੜ 77 ਲੱਖ 984 ਰੁਪਏ ਦਾ ਨੁਕਸਾਨ ਹੋਇਆ ਸੀ ਦੀ ਭਰਪਾਈ ਸੰਬੰਧੀ ਹੋਰ ਮੰਗਾਂ ਬਾਰੇ ਵਿਚਾਰ ਚਰਚਾ ਕਰਨੀ ਸੀ | ਪਰ ਪੁਲਿਸ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਦਰਜਨਾ ਕਿਸਾਨਾਂ ਨੂੰ ਗਿ੍ਫ਼ਤਾਰ ਕਰਕੇ ਵੱਖ-ਵੱਖ ਥਾਣਿਆਂ 'ਚ ਬੰਦ ਕੀਤਾ ਗਿਆ ਅਤੇ ਕੁਝ ਨੂੰ ਰਿਹਾਅ ਕਰਕੇ ਗੁਰਧਿਆਨ ਸਿੰਘ ਨੈਣਾਂ ਸਮੇਤ 8 ਕਿਸਾਨਾਂ ਨੂੰ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ | ਅੱਜ ਜਦੋਂ ਗੁਰਧਿਆਨ ਸਿੰਘ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਤਾਂ ਜਥੇਬੰਦੀ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਪਿੰਡ ਨੈਣਾ ਵਿਖੇ ਲੈ ਕੇ ਗਏ ਅਤੇ ਉਨ੍ਹਾਂ ਦੇ ਘਰ ਜਾ ਕੇ ਸਿਰੋਂਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਸ ਮੌਕੇ ਹੋਰਾਂ ਤੋਂ ਇਲਾਵਾ ਜਸਵਿੰਦਰ ਸਿੰਘ ਖ਼ਰਾਜਪੁਰ, ਅਵਤਾਰ ਸਿੰਘ ਥੂਹਾ, ਗੁਰਤੇਜ ਸਿੰਘ ਨੈਣਾ, ਜੀਤ ਸਿੰਘ ਪੰਮੀ, ਮਲਕੀਤ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਸੱਤਾ ਵਿਰਕ ਅਤੇ ਹੋਰ ਵੀ ਪਤਵੰਤੇ ਲੋਕ ਹਾਜ਼ਰ ਸਨ |