ਬਨੂੜ, 23 ਮਈ (ਭੁਪਿੰਦਰ ਸਿੰਘ)-ਬਨੂੜ ਨਗਰ ਪਾਲਿਕਾ ਦੇ 13 ਵਾਰਡਾਂ ਦੀ 26 ਮਈ ਨੂੰ ਹੋਣ ਜਾ ਰਹੀ ਚੋਣ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਚੋਣ ਸਟਾਫ਼ ਦੀ ਰਿਹਾਰਸਲ ਕਰਾਈ ਗਈ | ਜਿਸ ਵਿਚ ਚੋਣ ਡਿਊਟੀ ਤੇ ਤਾਇਨਾਤ ਕੀਤੇ ਅਧਿਕਾਰੀਆਂ ਤੇ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ | ਮਾਰਕੀਟ ਕਮੇਟੀ ਦਫਤਰ ਬਨੂੜ ਵਿਖੇ ਰਿਟਾਨਿੰਗ ਅਫਸਰ ਕਮ ਐਸਡੀਐਮ ਡਾ ਅੰਕਿਤਾ ਕਾਂਸਲ ਦੀ ਅਗਵਾਈ ਹੇਠ ਹੋਈ ਰਿਹਾਰਸਲ ਵਿਚ ਚੋਣ ਅਮਲੇ ਨੂੰ ਚੋਣ ਪ੍ਰਕਿਰਿਆ ਦੇ ਨਿਯਮਾਂ ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ | ਚੋਣ ਅਫ਼ਸਰ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਪਾਰਦਰਸ਼ੀ, ਨਿਰਪੱਖ ਅਤੇ ਭੈਅ-ਮੁਕਤ ਮਾਹੌਲ ਵਿਚ ਨੇਪਰੇ ਚਾੜਨ ਲਈ ਡਿਊਟੀ ਤੇ ਤਾਇਨਾਤ ਅਮਲੇ ਨੂੰ ਬਿਨਾਂ ਕਿਸੇ ਪੱਖਪਾਤ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੇ ਆਦੇਸ ਜਾਰੀ ਕੀਤੇ ਗਏ ਹਨ ਅਤੇ ਚੋਣ ਸਟਾਫ਼ ਨੂੰ ਵੋਟਿੰਗ ਪ੍ਰਕਿਰਿਆ ਦੀਆਂ ਤਕਨੀਕੀ ਬਾਰੀਕੀਆਂ, ਨਿਯਮਾਂ ਅਤੇ ਸਾਵਧਾਨੀਆਂ ਰੱਖਣ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ | ਜਿਸ ਨਾਲ ਲੋਕਤੰਤਰ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ | ਇਸ ਮੌਕੇ ਸਹਾਇਕ ਰਿਟਾਨਿੰਗ ਅਫਸਰ ਪ੍ਰਦੀਪ ਕੁਮਾਰ, ਨਾਇਬ ਤਹਿਸੀਲਦਾਰ ਕਸ਼ਿਸ਼ ਗਰਗ, ਐਸ.ਡੀ.ਓ. ਬਨੂੜ ਮੇਜਰ ਸਿੰਘ, ਥਾਣਾ ਮੁੱਖੀ ਅਰਸ਼ਦੀਪ ਸ਼ਰਮਾਂ, ਸਰਬਜੀਤ ਸਿੰਘ ਸਮੇਤ ਪ੍ਰਜ਼ਾਡਿੰਗ ਅਫਸਰ ਸਮੇਤ ਚੋਣ ਸਟਾਫ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜਮਾਂ ਹਾਜਰ ਸਨ |