ਪਾਤੜਾਂ, 24 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਬਜਾਜ ਵਲੋਂ ਆਪਣੇ ਸਾਥੀਆਂ ਸਮੇਤ ਪਾਤੜਾਂ ਦੇ ਵਾਰਡ ਨੰਬਰ 16 ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੰਗਾ ਸਿੰਘ ਦੇ ਹੱਕ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਜਿਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪਾਤੜਾਂ ਸ਼ਹਿਰ ਦੇ ਕੀਤੇ ਗਏ ਵਿਕਾਸ ਕਾਰਜਾਂ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਉਮੀਦਵਾਰ ਮੰਗਾ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਮੰਗਾ ਸਿੰਘ ਪਾਤੜਾਂ ਪੜੇ ਲਿਖੇ ਅਤੇ ਮਿਹਨਤੀ ਵਰਕਰ ਹਨ ਜੋ ਜਿੱਤਣ ਉਪਰੰਤ ਵਾਰਡ ਦਾ ਸਰਬਪੱਖੀ ਵਿਕਾਸ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਜਿੱਥੇ ਪਾਤੜਾਂ ਸ਼ਹਿਰ ਦਾ ਨਵਾਂ ਬੱਸ ਅੱਡਾ ਬਣਾਇਆ ਗਿਆ | ਉੱਥੇ ਹੀ ਸਰਕਾਰੀ ਹਸਪਤਾਲ ਵੀ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਪਾਤੜਾਂ ਸ਼ਹਿਰ ਦੇ ਹੋਰ ਸਰਬਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪਾਤੜਾਂ ਸ਼ਹਿਰ ਦੀ ਕਾਇਆ ਕਲਪ ਕੀਤੀ ਜਾ ਸਕੇ | ਇਸ ਮੌਕੇ ਇਨ੍ਹਾਂ ਨਾਲ ਅਕਾਲੀ ਉਮੀਦਵਾਰ ਮੰਗਾ ਸਿੰਘ ਸਮੇਤ ਵੱਡੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ |