ਨਾਭਾ, 11 ਜੂਨ (ਜਗਨਾਰ ਸਿੰਘ ਦੁਲੱਦੀ)-ਹਰ ਤਰ੍ਹਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰਕੇ ਸਿੱਖਿਆ ਵਿਭਾਗ ਵਿਚ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਮਾਨਦਾਰੀ ਨਾਲ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ ਵਿੱਚੋਂ 253 ਅਧਿਆਪਕਾਂ ਨੂੰ ਸਪੱਸ਼ਟੀਕਰਨ ਦੇਣ ਸੰਬੰਧੀ ਸ਼ੋਕਾਜ ਨੋਟਿਸ ਦੇਣ ਦੇ ਖਿਲਾਫ਼ ਪੀੜਤ ਅਧਿਆਪਕਾਂ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਵਿਧਾਨ ਸਭਾ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸਪੱਸ਼ਟੀਕਰਨ ਦੇਣ ਸੰਬੰਧੀ ਸ਼ੋਕਾਜ ਨੋਟਿਸਾਂ ਨੂੰ ਰੱਦ ਕਰਨ ਲਈ ਮੰਗ ਪੱਤਰ ਭੇਜਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਾਵਿਤ ਅਧਿਆਪਕਾਂ ਵਲੋਂ ਦੱਸਿਆ ਗਿਆ ਕਿ 4161 ਮਾਸਟਰ ਕਾਡਰ ਭਰਤੀ ਦੀ ਪ੍ਰੀਖਿਆ ਅਗਸਤ 2022 ਵਿਚ ਲਈ ਗਈ ਸੀ, ਜਿਸ ਦਾ ਨਤੀਜਾ ਦਸੰਬਰ 2022 ਨੂੰ ਜਨਤਕ ਕਰ ਦਿੱਤਾ ਗਿਆ ਸੀ ਅਤੇ ਜਨਵਰੀ 2023 ਵਿਚ ਸਿਲੈਕਸ਼ਨ ਲਿਸਟ ਅਨੁਸਾਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਉੱਤਰਕੁੰਜੀ ਵਿਚ ਕੁਝ ਤਰੁੱਟੀਆਂ ਹੋਣ ਕਾਰਨ ਇਹ ਮਸਲਾ ਮਾਣਯੋਗ ਹਾਈਕੋਰਟ ਵਿੱਚ ਚਲਾ ਗਿਆ ਅਤੇ ਕੋਰਟ ਦੇ ਅਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰਾਂ ਦੀ ਸਾਂਝੀ ਕਮੇਟੀ ਬਣਾ ਕੇ ਉੱਤਰਕੁੰਜੀ ਦੀਆਂ ਤਰੁੱਟੀਆਂ ਵਿਚਾਰਨ ਲਈ ਅਦੇਸ਼ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਫਿਰ ਤੋਂ ਸਹੀ ਉੱਤਰਕੁੰਜੀ ਬਣਾਈ ਗਈ | ਮਾਣਯੋਗ ਹਾਈਕੋਰਟ ਦੇ ਅਦੇਸ਼ਾਂ ਅਨੁਸਾਰ ਸੋਧੀ ਹੋਈ ਉੱਤਰਕੁੰਜੀ ਅਨੁਸਾਰ ਫਿਰ ਤੋਂ ਦੂਸਰੀ ਸਿਲੈਕਸ਼ਨ ਲਿਸਟ ਬਣਾਈ ਗਈ, ਜਿਸ ਨਾਲ ਜਿਨ੍ਹਾਂ ਅਧਿਆਪਕਾਂ ਦਾ ਪਹਿਲੀ ਸਿਲੈਕਸ਼ਨ ਲਿਸਟ ਅਨੁਸਾਰ ਨੰਬਰ ਆਉਂਦਾ ਸੀ ਉਹ ਹੁਣ ਬਾਹਰ ਹੋ ਗਏ ਅਤੇ ਉਨ੍ਹਾਂ ਦੀ ਥਾਂ ਦੂਜੀ ਸਹੀ ਸਿਲੈਕਸ਼ਨ ਲਿਸਟ ਅਨੁਸਾਰ ਵਧੇ ਨੰਬਰਾਂ ਵਾਲੇ ਸਿਲੈਕਸ਼ਨ ਲਿਸਟ ਵਿਚ ਆ ਗਏ | ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ | ਇਨ੍ਹਾਂ ਅਧਿਆਪਕਾਂ ਵਿਚੋਂ ਬਹੁਤ ਸਾਰੇ ਅਧਿਆਪਕ ਓਬਰਏਜ ਹੋ ਚੁੱਕੇ ਹਨ, ਬਹੁ ਗਿਣਤੀ ਅਧਿਆਪਕ ਆਪਣੀਆਂ ਪਹਿਲਾਂ ਵਾਲੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਇਧਰ ਆਏ ਸਨ | ਪ੍ਰਭਾਵਿਤ ਅਧਿਆਪਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਦੁਆਰਾ ਕੋਈ ਵਾਜ਼ਬ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਵੱਡੇ ਸ਼ੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਇਸ ਸਮੇਂ 253 ਅਧਿਆਪਕਾਂ ਵਿਚੋਂ ਮਨਪ੍ਰੀਤ ਕੌਰ ,ਪ੍ਰੇਮ ਸਿੰਘ ਅਤੇ ਭਰਾਤਰੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨਾਭਾ ਦੇ ਆਗੂ, ਡਾ ਗੁਰਪ੍ਰੀਤ ਸਿੰਘ, ਕੇਵਲ ਸਿੰਘ ਪਹਾੜਪੁਰ, ਸੁਰਜੀਤ ਸਿੰਘ ਖਾਂਗ ਆਦਿ ਸ਼ਾਮਿਲ ਸਨ |