ਪਟਿਆਲਾ, 13 ਜੂਨ (ਮਨਦੀਪ ਸਿੰਘ ਖਰੌੜ)-ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਗ੍ਰਹਿ ਕਰਤਾਰ ਵਿਲਾ ਰੱਖੜਾ ਵਿਖੇ ਸਮਾਣਾ ਦੀ ਗੋਬਿੰਦ ਬਸਤੀ ਸਹਿਕਾਰੀ ਸਭਾ ਲਈ ਨਵੇਂ ਚੁਣੇ ਗਏ ਮੈਂਬਰਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਨੇ ਚੁਣੇ ਗਏ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਰੱਖੜਾ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਵਿਚ ਸਹਿਕਾਰੀ ਸਭਾਵਾਂ ਦਾ ਅਹਿਮ ਯੋਗਦਾਨ ਰਿਹਾ ਹੈ | ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਖਾਦਾਂ, ਬੀਜਾਂ, ਕੀਟਨਾਸ਼ਕਾਂ ਅਤੇ ਹੋਰ ਖੇਤੀਬਾੜੀ ਲੋੜਾਂ ਦੀਆਂ ਵਸਤਾਂ ਸਮੇਂ ਸਿਰ ਉਪਲਬਧ ਕਰਵਾਉਣ ਦੇ ਨਾਲ-ਨਾਲ ਆਧੁਨਿਕ ਖੇਤੀ ਸੰਦਾਂ ਤੱਕ ਪਹੁੰਚ ਯਕੀਨੀ ਬਣਾਉਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਰੱਖੜਾ ਨੇ ਕਿਹਾ ਕਿ ਸਰਗਰਮ ਅਤੇ ਦੂਰ-ਅੰਦੇਸ਼ ਸੋਚ ਵਾਲੇ ਮੈਂਬਰ ਨਾ ਸਿਰਫ਼ ਸਹਿਕਾਰੀ ਸਭਾ ਨੂੰ ਮਜ਼ਬੂਤ ਬਣਾਉਂਦੇ ਹਨ, ਸਗੋਂ ਇਸ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਤਰੱਕੀ ਅਤੇ ਖ਼ੁਸ਼ਹਾਲੀ 'ਚ ਵੀ ਅਹਿਮ ਯੋਗਦਾਨ ਪਾਉਂਦੇ ਹਨ | ਉਨ੍ਹਾਂ ਨਵੇਂ ਚੁਣੇ ਮੈਂਬਰਾਂ ਤੋਂ ਆਸ ਪ੍ਰਗਟਾਈ ਕਿ ਉਹ ਪੂਰੀ ਇਮਾਨਦਾਰੀ, ਸਮਰਪਣ ਅਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ | ਇਸ ਮੌਕੇ ਬਲਦੇਵ ਸਿੰਘ ਰਾਜਲਾ, ਸਾਬਕਾ ਸਰਪੰਚ ਸੰਤੋਖ ਸਿੰਘ ਵਿਰਕ ਅਤੇ ਚੁਣੇ ਗਏ ਮੈਂਬਰ ਪਰਮਿੰਦਰ ਸਿੰਘ ਸੰਧੂ, ਗੁਰਬਚਨ ਸਿੰਘ, ਅਮੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਬੁੱਟਰ, ਜਗਪ੍ਰੀਤ ਸਿੰਘ ਬੁੱਟਰ, ਰੇਸ਼ਮ ਸਿੰਘ ਵਿਰਕ ਤੇ ਮਹਿੰਦਰ ਸਿੰਘ ਬੁੱਟਰ ਮੌਜੂਦ ਰਹੇ |