ਪਟਿਆਲਾ, 13 ਜੂਨ (ਗੁਰਵਿੰਦਰ ਸਿੰਘ ਔਲਖ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਪੇਸ਼ੇਵਰ ਸਿੱਖਿਆ ਨਾਲ ਜੋੜਨ ਅਤੇ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁਲਤਾਨੀ ਮੱਲ ਮੋਦੀ ਕਾਲਜ ਵਲੋਂ ਕੁਆਲਿਟੀ ਐਨ.ਜੈਡ ਨਾਲ ਮਹੱਤਵਪੂਰਨ ਸਮਝੌਤਾ ਕੀਤਾ ਗਿਆ ਹੈ | ਇਸ ਤਹਿਤ ਕਾਮਰਸ ਦੇ ਵਿਦਿਆਰਥੀਆਂ ਨੂੰ ਬੀ.ਕਾਮ. ਦੀ ਪੜ੍ਹਾਈ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਲੇਖਾਕਾਰੀ ਦੀ ਪੇਸ਼ੇਵਰ ਯੋਗਤਾ ਹਾਸਲ ਕਰਨ ਦਾ ਮੌਕਾ ਮਿਲੇਗਾ | ਕਾਲਜ ਪ੍ਰਬੰਧਕਾਂ ਅਨੁਸਾਰ ਇਸ ਯੋਜਨਾ ਤਹਿਤ ਵਿਦਿਆਰਥੀ ਆਪਣੀ ਨਿਯਮਤ ਪੜ੍ਹਾਈ ਦੇ ਨਾਲ ਪੇਸ਼ੇਵਰ ਲੇਖਾਕਾਰੀ ਦਾ ਕੋਰਸ ਵੀ ਕਰ ਸਕਣਗੇ | ਵਿਸ਼ੇਸ਼ ਗੱਲ ਇਹ ਹੈ ਕਿ ਵਿਦਿਆਰਥੀਆਂ ਨੂੰ ਇਸ ਯੋਗਤਾ ਨਾਲ ਸਬੰਧਿਤ 6 ਪ੍ਰੀਖਿਆਵਾਂ ਵਿਚ ਛੋਟ ਮਿਲੇਗੀ, ਜਿਸ ਕਾਰਨ ਉਨ੍ਹਾਂ ਨੂੰ ਸਿਰਫ਼ 7 ਪ੍ਰੀਖਿਆਵਾਂ ਹੀ ਪਾਸ ਕਰਨੀਆਂ ਪੈਣਗੀਆਂ | ਆਮ ਤੌਰ 'ਤੇ ਇਸ ਕੋਰਸ 'ਤੇ ਕਾਫ਼ੀ ਵੱਧ ਖਰਚਾ ਆਉਂਦਾ ਹੈ, ਪਰ ਕਾਲਜ ਰਾਹੀਂ ਇਹ ਸਿੱਖਿਆ ਕਾਫ਼ੀ ਘੱਟ ਖਰਚੇ 'ਤੇ ਉਪਲੱਬਧ ਕਰਵਾਈ ਜਾਵੇਗੀ | ਇਸ ਤੋਂ ਇਲਾਵਾ ਕਾਲਜ ਵਲੋਂ ਪ੍ਰਬੰਧਕੀ ਲੇਖਾਕਾਰੀ ਦੀ ਇੱਕ ਹੋਰ ਪ੍ਰਸਿੱਧ ਪੇਸ਼ੇਵਰ ਯੋਗਤਾ ਲਈ ਵੀ ਸਮਝੌਤਾ ਕੀਤਾ ਗਿਆ ਹੈ | ਇਸ ਨਾਲ ਵਿਦਿਆਰਥੀ ਆਪਣੀ ਡਿਗਰੀ ਦੇ ਨਾਲ-ਨਾਲ ਪ੍ਰਬੰਧਕੀ ਲੇਖਾਕਾਰੀ ਦਾ ਵਿਸ਼ੇਸ਼ ਗਿਆਨ ਵੀ ਹਾਸਲ ਕਰ ਸਕਣਗੇ | ਇਹ ਕੋਰਸ ਵੀ ਆਮ ਖਰਚੇ ਨਾਲੋਂ ਘੱਟ ਲਾਗਤ 'ਤੇ ਕਰਵਾਇਆ ਜਾਵੇਗਾ | ਕਾਲਜ ਪ੍ਰਬੰਧਨ ਨੇ ਦੱਸਿਆ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀਆਂ ਪੇਸ਼ੇਵਰ ਯੋਗਤਾਵਾਂ ਨਾਲ ਲੈਸ ਕਰਨ ਵੱਲ ਇਕ ਅਹਿਮ ਕਦਮ ਹੈ | ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਲੇਖਾ-ਜੋਖਾ, ਵਿੱਤ ਅਤੇ ਪ੍ਰਬੰਧਨ ਦੇ ਖੇਤਰ ਵਿਚ ਉੱਚ ਪੱਧਰੀ ਗਿਆਨ ਅਤੇ ਹੁਨਰ ਪ੍ਰਾਪਤ ਹੋਣਗੇ, ਜਿਸ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਹੋਰ ਵਧਣਗੇ | ਕਾਲਜ ਨੇ ਵਿੱਤ, ਲੇਖਾ-ਜੋਖਾ ਅਤੇ ਕਾਰੋਬਾਰੀ ਪ੍ਰਬੰਧਨ ਦੇ ਖੇਤਰ ਵਿਚ ਭਵਿੱਖ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਨੂੰ ਇਨ੍ਹਾਂ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ¢