ਭੁੱਨਰਹੇੜੀ, 14 ਜੂਨ (ਧਨਵੰਤ ਸਿੰਘ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਕਰਵਾਏ ਗਏ ਧਾਰਮਿਕ ਸਮਾਗਮ ਤੋਂ ਬਾਅਦ ਰਾਜਨੀਤਿਕ ਗਤੀਵਿਧੀਆਂ ਦੀ ਸ਼ੁਰੂਆਤ ਹੋ ਗਈ | ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀ.ਜੇ.ਪੀ. ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ, ਵਿਧਾਇਕ ਪਠਾਣਮਾਜਰਾ ਦੇ ਨਿਵਾਸ ਸਥਾਨ ਪਹੁੰਚੇ | ਇਸ ਦੌਰਾਨ ਦੋਵੇਂ ਆਗੂਆਂ ਨੇ ਵਿਧਾਇਕ ਪਠਾਣਮਾਜਰਾ ਦੇ ਪਰਿਵਾਰ ਨੂੰ ਘਰ ਪ੍ਰਵੇਸ਼ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸੁਖਬੀਰ ਸਿੰਘ ਬਾਦਲ ਕਰੀਬ ਇਕ ਘੰਟਾ ਰੁਕੇ ਤੇ ਬੰਦ ਕਮਰੇ ਵਿਚ ਗੱਲਬਾਤ ਕੀਤੀ | ਇਸ ਮੀਟਿੰਗ 'ਚ ਕੀ ਵਿਚਾਰ ਵਟਾਂਦਰਾ ਹੋਇਆ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ, ਜਿਸ ਕਾਰਨ ਸਿਆਸੀ ਹਲਕਿਆਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ | ਧਾਰਮਿਕ ਸਮਾਗਮ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੀ ਵੀ ਹਾਜ਼ਰੀ ਰਹੀ | ਖ਼ਾਸ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਕੁੱਝ ਵਿਧਾਇਕ ਪਹੰੁਚੇ ਹੋਏ ਸਨ | ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਮਨਜਿੰਦਰ ਸਿੰਘ ਸਿਰਸਾ ਦੀ ਆਮਦ ਵੀ ਚਰਚਾਵਾਂ ਦਾ ਵਿਸ਼ਾ ਬਣ ਗਈ | ਇਸ ਮੌਕੇ ਦੀਆਂ ਤਸਵੀਰਾਂ ਅਤੇ ਹਾਜ਼ਰੀ ਨੇ ਇਲਾਕੇ ਵਿਚ ਚਰਚਾ ਦਾ ਮਾਹੌਲ ਬਣ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਇਸ ਨਤੀਜਿਆਂ ਵੱਲ ਸਭ ਦੀ ਨਜ਼ਰ ਟਿਕੀ ਰਹੇਗੀ | ਇਸ ਮੌਕੇ ਅਕਾਲੀ ਆਗੂ ਐਨ.ਕੇ. ਸ਼ਰਮਾ, ਰਜਿੰਦਰ ਸਿੰਘ ਵਿਰਕ, ਗੁਰਬਚਨ ਸਿੰਘ ਵਿਰਕ, ਕਬੀਰ ਦਾਸ ਆਦਿ ਵੀ ਮੌਜੂਦ ਸਨ |