ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਬਿਜਲੀ ਨਿਗਮ ਮੈਨੇਜਮੈਂਟ ਵਲੋਂ ਵਰਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਅਤੇ 5 ਜੂਨ ਨੂੰ ਮੁੱਖ ਦਫਤਰ ਸਾਹਮਣੇ 2600 ਅਪ੍ਰੈਂਟਿਸ ਲਾਈਨਮੈਨਾਂ ਤੇ ਕੀਤੇ ਗਏ ਲਾਠੀਚਾਰਜ ਦੇ ਖਿਲਾਫ ਵਿੱਢੇ ਗਏ ਸੰਘਰਸ਼ ਪ੍ਰੋਗਰਾਮਾਂ ਤਹਿਤ ਅੱਜ ਪਟਿਆਲਾ ਸਰਕਲ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਰਮਚਾਰੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਬਿਜਲੀ ਨਿਗਮ ਮੈਨੇਜਮੈਂਟ/ਪੰਜਾਬ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ, ਸੀਨੀਅਰ ਆਗੂ ਕਰਮਜੀਤ ਸਿੰਘ ਸਿੱਧੂ, ਸੰਜੀਵ ਕੁਮਾਰ, ਜਗਰੂਪ ਸਿੰਘ ਮਹਿਮਦਪੁਰ, ਗੁਰਵਿੰਦਰ ਸਿੰਘ ਗੁਰੂ ਅਤੇ ਸਰਦਾਰਾ ਸਿੰਘ ਗੱਜੂਮਾਜਰਾ ਵਲੋਂ ਦੱਸਿਆ ਗਿਆ ਕਿ ਪਟਿਆਲਾ ਸਰਕਲ ਤੋਂ ਇਲਾਵਾ ਅੱਜ ਫ਼ਰੀਦਕੋਟ ਸਰਕਲ ਅਤੇ ਸਿਟੀ ਤੇ ਸਬ ਅਰਬਨ ਸਰਕਲ ਅੰਮਿ੍ਤਸਰ ਵਿਖੇ ਵੀ ਰੋਸ ਪ੍ਰਦਰਸ਼ਨ ਕੀਤੇ ਗਏ | ਇਸ ਤੋਂ ਇਲਾਵਾ ਕੱਲ੍ਹ 16 ਜੂਨ ਨੂੰ ਖੰਨਾ, ਗੁਰਦਾਸਪੁਰ, ਬਠਿੰਡਾ ਅਤੇ ਕਪੂਰਥਲਾ ਸਰਕਲ ਦਫਤਰ, 17 ਜੂਨ ਨੂੰ ਨਵਾਂ ਸ਼ਹਿਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਥਰਮਲ ਪਲਾਂਟ ਰੋਪੜ ਵਿਖੇ, 19 ਜੂਨ ਨੂੰ ਮੁਕਤਸਰ, ਰੋਪੜ, ਬਰਨਾਲਾ ਅਤੇ ਸੰਗਰੂਰ ਵਿਖੇ ਅਤੇ 22 ਜੂਨ ਨੂੰ ਈਸਟ ਅਤੇ ਵੈਸਟ ਸਰਕਲ ਲੁਧਿਆਣਾ ਅਤੇ ਜਲੰਧਰ ਸਰਕਲ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਆਗੂਆਂ ਵਲੋਂ ਦੱਸਿਆ ਗਿਆ ਕਿ ਸਰਕਲ ਦਫ਼ਤਰਾਂ ਦੇ ਰੋਸ ਪ੍ਰਦਰਸ਼ਨਾਂ ਤੋ ਇਲਾਵਾ ਮੈਨੇਜਮੈਂਟ ਵੱਲੋਂ ਕੀਤੇ ਜਾਣ ਵਾਲੇ ਫੀਲਡ ਦੌਰਿਆਂ ਦੌਰਾਨ ਮੋਰਚੇ ਵਲੋਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ, ਇਸ ਸਮੇਂ ਦੌਰਾਨ ਮੋਰਚੇ ਨਾਲ ਸਬੰਧਿਤ ਧਿਰਾਂ ਵੱਲੋਂ ਆਪਣੀ ਬਣਦੀ ਡਿਊਟੀ ਹੀ ਕੀਤੀ ਜਾਵੇਗੀ ਅਤੇ 24.6.26 ਨੂੰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਬਿਜਲੀ ਮੰਤਰੀ, ਪੰਜਾਬ ਦੀ ਖੰਨਾ ਸਥਿਤ ਰਿਹਾਇਸ਼ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਗੁਰਚਰਨ ਸਿੰਘ, ਮੰਗਤ ਸਿੰਘ, ਰਣਬੀਰ ਨੰਨਾ, ਨਰਿੰਦਰ ਸਿੰਘ ਕਲਸੀ, ਇੰਜ: ਪਵਿੱਤਰ ਸਿੰਘ ਨੌਲੱਖਾ, ਇੰਜ: ਨਿਰਮਲ ਸਿੰਘ, ਇੰਜ: ਵਰਿੰਦਰ ਸਿੰਘ, ਅਜੇ ਕੁਮਾਰ, ਬੂਟਾ ਸਿੰਘ, ਗੁਰਮੁੱਖ ਸਿੰਘ ਵੱਲੋ ਵੀ ਸੰਬੋਧਿਤ ਕੀਤਾ ਗਿਆ |