ਭੁੱਨਰਹੇੜੀ, 28 ਜੂਨ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਦੌਲਤਪੁਰ ਫਕੀਰਾਂ ਵਿਚ ਸੱਥ ਪ੍ਰੋਗਰਾਮ ਤਹਿਤ ਪੀ.ਆਰ.ਟੀ.ਸੀ. ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਪਿੰਡ ਵਾਸੀਆਂ ਨੇ ਨੇੜੇ ਤੇ ਲੱਘਦੇ ਬਰਸਾਤੀ ਪਾਣੀ ਦੇ ਵਹਾਅ ਮੀਰਾਂਪੁਰ ਚੋਅ ਅਤੇ ਜੀਵ ਸੈਂਚਰੀ ਬੀੜ ਭੁੱਨਰਹੇੜੀ ਕਾਰਨ ਦਰਪੇਸ਼ ਆਉਦੀਆਂ ਮੁਸਕਲਾਂ ਬਾਰੇ ਚਰਚਾ ਹੋਈ। ਇਸ ਮੌਕੇ ਲੋਕਾਂ ਨੂੰ ਰਣਜੋਧ ਸਿੰਘ ਹਡਾਣਾ ਨੇ ਭਰੋਸਾ ਦਿਵਾਇਆ ਕਿ ਸਰਕਾਰ ਵਲੋਂ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ “ਸਰਕਾਰ ਲੋਕਾਂ ਦੇ ਦੁਆਰ” ਨੀਤੀ ਤਹਿਤ ਹਰ ਪਿੰਡ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਰਿਹਾ ਹੈ ਤਾਂ ਜੋ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਸੂਬੇ ਅੰਦਰ ਲੰਮੇ ਸਮੇ ਤੱਕ ਰਾਜ ਕੀਤਾ ਪਰ ਲੋਕਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਲੋਕਾਂ ਦੀਆਂ ਮੁੱਢਲੀਆਂ ਲੋੜ ਵੀ ਪੂਰੀਆਂ ਨਹੀਂ ਕੀਤੀਆਂ, ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿਤੈਸ਼ੀ ਫੈਸਲੇ ਲੈ ਰਹੀ ਹੈ। ਪਿੰਡਾਂ ਦੀਆਂ ਸੱਥਾਂ ਵਿਚ ਬੈਠਕੇ ਮਸਲੇ ਹੱਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਖੇਤੀ ਸੈਕਟਰ ਲਈ ਕਿਸਾਨਾਂ ਤੱਕ ਪੁਹੰਚਣ ਲੱਗ ਪਿਆ। ਉਨ੍ਹਾਂ ਕਿਹਾ ਕਿ ਘਰਾਂ ਦੇ ਬਿਜਲੀ ਬਿਲਾਂ ਵਿਚ ਵੱਡੀ ਰਾਹਤ ਮੁਹੱਈਆ ਕਰਵਾਈ ਗਈ। ਗਰੀਬ ਪਰਿਵਾਰਾਂ ਲਈ “ਮੇਰੀ ਰਸੋਈ ਯੋਜਨਾ” ਨਾਲ ਆਮ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਪਿੰਡਾਂ ਦੀ ਸੜਕ ਨਵੀ ਬਣਾਈ ਗਈ ਹੈ ਜਿਸ ਕਾਰਨ ਹੁਣ ਭੁੱਨਰਹੇੜੀ ਅਤੇ ਇਤਿਹਾਸਕ ਨਗਰ ਘੁੜਾਮ ਆਉਣ ਜਾਣ ਵਿਚ ਰਾਹਤ ਮਿਲੀ ਹੈ, ਇਸੇ ਤਰ੍ਹਾਂ ਹੋਰ ਲਿੰਕ ਸੜਕਾਂ ਦੀ ਮੁਰੰਮਤ ਵੱਡੇ ਪੱਧਰ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਭਲਾਈ ਫੈਸਲਿਆਂ ਕਾਰਨ ਆਮ ਲੋਕਾਂ ਵਿਚ ਖੁਸ਼ੀਆਂ ਦੀ ਲਹਿਰ ਫੈਲ ਰਹੀ ਹੈ।