ਨਾਭਾ, 1 ਜੁਲਾਈ (ਵਰਿੰਦਰ ਵਰਮਾ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਵਿਖੇ ਵਿਦਿਆਰਥੀਆਂ ਦੇ ਭਾਸ਼ਣ ,ਪੇਂਟਿੰਗ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਨਾਭਾ ਗੁਰਿੰਦਰ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਇਨ੍ਹਾਂ ਦੀ ਰੋਕਥਾਮ ਲਈ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਕਿਉਂਕਿ ਇਹ ਵਿਦਿਆਰਥੀ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਸਾਡੇ ਦੇਸ਼ ਦਾ ਭਵਿੱਖ ਹਨ । ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਪ੍ਰਿੰਸੀਪਲ ਡਾਇਟ ਸੰਦੀਪ ਨਾਗਰ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ ਦੇ ਅਧਿਆਪਕ ਹਨ । ਇਸ ਲਈ ਸਾਰਿਆਂ ਦੇ ਸੁਹਿਰਦ ਯਤਨਾਂ ਦੀ ਲੋੜ ਹੈ ਤਾਂ ਜੋ ਅਸੀਂ ਇੱਕ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਮੌਕੇ ਲੈਕਚਰਾਰ ਯਾਦਵਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾਕਟਰ ਅਰਵਿੰਦਰ ਢਿੱਲੋਂ ਨੇ ਸਮਾਜ ’ਚ ਨਸ਼ੇ ਕਾਰਨ ਹੋਈਆਂ ਘਟਨਾਵਾਂ ਬਾਰੇ ਵਿਸਤਾਰਪੂਰਵਕ ਰੌਸ਼ਨੀ ਪਾਈ। ਇਸ ਮੌਕੇ ਹੰਗਰੀ ਤੋਂ ਆਏ ਰਿਸਰਚ ਸਕਾਲਰ ਅੰਮ੍ਰਿਤ ਕੌਰ ਵੀ ਹਾਜ਼ਰ ਸਨ । ਇਸ ਸੈਮੀਨਾਰ ਨੂੰ ਸਫਲ ਬਣਾਉਣ ’ਚ ਲੈਕਚਰਾਰ ਅਜੀਤ ਸਿੰਘ, ਮੋਨਿਕਾ, ਸੋਨੀਆ ਧੀਰ, ਪ੍ਰੀਤੀ, ਜਸਪ੍ਰੀਤ ਕੌਰ ਅਤੇ ਆਸ਼ਾ ਰਾਣੀ ਦਾ ਵਿਸ਼ੇਸ਼ ਯੋਗਦਾਨ ਰਿਹਾ।