ਘਨੌਰ, 29 ਜੁਲਾਈ (ਸਰਦਾਰਾ ਸਿੰਘ ਲਾਛੜੂ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਅੱਜ ਘਨੌਰ ਵਿਖੇ ਮਿਸ਼ਨ ਫਤਿਹ: ਨਸ਼ਾ ਤਸਕਰਾਂ ਖਿਲਾਫ ਜੰਗ” ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੁਹਿੰਮ ਦਾ ਮਕਸਦ ਘਨੌਰ ਹਲਕੇ ਨੂੰ ਨਸ਼ਿਆਂ ਦੇ ਵਪਾਰ ਤੋਂ ਪੂਰੀ ਤਰ੍ਹਾਂ ਮੁਕਤ ਕਰਵਾਉਣਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਝਿੰਜਰ ਨੇ ਹੈਲਪਲਾਈਨ ਨੰਬਰ 9914740101 ਜਾਰੀ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਕਾਰਨ ਹੋਈਆਂ ਮੌਤਾਂ ਅਤੇ ਇਲਾਕੇ ਵਿੱਚ ਸਰਗਰਮ ਨਸ਼ਾ ਤਸਕਰਾਂ ਬਾਰੇ ਇਸ ਨੰਬਰ ‘ਤੇ ਜਾਣਕਾਰੀ ਸਾਂਝੀ ਕਰਨ। ਝਿੰਜਰ ਨੇ ਕਿਹਾ ਕਿ ਇਹ ਮੁਹਿੰਮ ਡਾ. ਬੀ.ਆਰ. ਅੰਬੇਡਕਰ ਦੇ ਸਿਧਾਂਤ “ਸਿੱਖਿਅਤ ਕਰੋ, ਸੰਘਰਸ਼ ਕਰੋ, ਸੰਗਠਿਤ ਕਰੋ”ਤੋਂ ਪ੍ਰੇਰਨਾ ਲਵੇਗੀ। ਉਹ ਖੁਦ ਪਿੰਡ-ਪਿੰਡ ਜਾ ਕੇ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨਗੇ, ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ ਅਤੇ ਨਸ਼ਾ ਤਸਕਰਾਂ ਖਿਲਾਫ ਲੋਕਾਂ ਨੂੰ ਇੱਕਜੁੱਟ ਕਰਨਗੇ। ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਦਿਨਾਂ ਵਿੱਚ ਘਨੌਰ ਵਿੱਚ ਕਰੀਬ 10 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 3 ਮੌਤਾਂ ਪਿਛਲੇ 48 ਘੰਟਿਆਂ ਵਿੱਚ ਹੀ ਹੋਈਆਂ ਹਨ । ਉਨ੍ਹਾਂ ਕਿਹਾ ਕਿ ਪੁਲਿਸ ਦਬਾਅ ਕਾਰਨ ਪਰਿਵਾਰ ਮੌਤ ਦਾ ਅਸਲ ਕਾਰਨ ਦੱਸਣ ਤੋਂ ਡਰਦੇ ਹਨ, ਇਸ ਲਈ ਸਰਕਾਰੀ ਅੰਕੜੇ ਘੱਟ ਦਿਖਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟੀਮ ਨੇ ਪਿਛਲੇ 20 ਦਿਨਾਂ ਵਿੱਚ ਘਨੌਰ ਦੀਆਂ 20 ਥਾਵਾਂ ਦਾ ਦੌਰਾ ਕੀਤਾ ਪਰ ਇਨ੍ਹਾਂ ਮੌਤਾਂ ਦੀ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਗਈ। ਝਿੰਜਰ ਨੇ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਘਨੌਰ ਦੀ ਜਵਾਨੀ ਨੂੰ ਬਚਾਉਣ ਲਈ ਇਕੱਠੇ ਆਉਣ। ਫੌਜ ਵਿੱਚ ਪੰਜਾਬੀ ਅਤੇ ਸਿੱਖ ਨੌਜਵਾਨਾਂ ਦੀ ਘਟਦੀ ਭਰਤੀ ਦਾ ਕਾਰਨ ਵੀ ਨਸ਼ਾ ਸੰਕਟ ਨੂੰ ਦੱਸਿਆ। ਇਸ ਮੌਕੇ SGPC ਮੈਂਬਰ ਜਸਮੇਰ ਸਿੰਘ ਲਾਛੜੂ ਸਮੇਤ ਪਾਰਟੀ ਦੇ ਕਈ ਆਗੂ ਅਤੇ ਵਰਕਰ ਹਾਜ਼ਰ ਸਨ।